ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ’ਚ ਨਵਾਂ ਮੋੜ, ਅਨੰਦਪੁਰ ਸਾਹਿਬ ਨਾਲ ਗਏ ਜਿਗਰੀ ਦੋਸਤ ਨੇ ਕੀਤੇ ਵੱਡੇ ਖ਼ੁਲਾਸੇ


ਗੁਰਦਾਸਪੁਰ – ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ਸਮੇਂ ਮ੍ਰਿਤਕ ਨਿਹੰਗ ਦੇ ਨਾਲ ਗਿਆ ਉਸ ਦਾ ਸਾਥੀ ਗੁਰਦਰਸ਼ਨ ਸਿੰਘ ਅਤੇ ਉਸ ਦੇ ਪਿਤਾ ਗੁਰਬਖਸ਼ ਸਿੰਘ ਇਕ ਵਾਰ ਫਿਰ ਮੀਡੀਆ ਸਾਹਮਣੇ ਆਏ ਹਨ। ਕੈਨੇਡਾ ਵਿਚ ਵੀ ਮ੍ਰਿਤਕ ਪ੍ਰਦੀਪ ਸਿੰਘ ਨਾਲ ਰਹਿ ਰਹੇ ਅਤੇ ਅਨੰਦਪੁਰ ਸਾਹਿਬ ਵਾਲੀ ਨਾਲ ਗਏ ਸਾਥੀ ਗੁਰਦਰਸ਼ਨ ਸਿੰਘ ਨੇ ਘਟਨਾ ਬਾਰੇ ਵੱਡੇ ਖੁਲਾਸੇ ਕੀਤੇ ਹਨ। ਗੁਰਦਰਸ਼ਨ ਸਿੰਘ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਪਹਿਲਾਂ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਉਸ ਨੇ ਕਿਹਾ ਕਿ‌ ਹੁੱਲੜਬਾਜ਼ ਨੌਜਵਾਨ ਪਹਿਲਾਂ ਹੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਅਤੇ ਆਪਣੇ ਹਥਿਆਰਾਂ ਨਾਲ ਹੀ ਪ੍ਰਦੀਪ ਸਿੰਘ ਦਾ ਕਤਲ ਕੀਤਾ ਸੀ। ਉਸ ਨੇ ਇਸ ਤੱਥ ਦੇ ਸਬੂਤ ਵਜੋਂ ਇਕ ਵਾਇਰਲ ਵੀਡੀਓ ਵੀ ਮੀਡੀਆ ਨੂੰ ਦਿੱਤੀ ਹੈ। ਉਥੇ ਹੀ ਮ੍ਰਿਤਕ ਪ੍ਰਦੀਪ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਹੁੱਲੜਬਾਜ਼ ਹਥਿਆਰਾਂ ਸਮੇਤ ਧਾਰਮਿਕ ਜੋੜ ਮੇਲਿਆਂ ’ਤੇ ਨਾ ਜਾ ਸਕੇ ਅਤੇ ਧਾਰਮਿਕ ਮਾਹੌਲ ਨੂੰ ਵਿਗਾੜ ਨਾ ਸਕੇ। ਉਨ੍ਹਾਂ ਇਸ ਗੱਲ ’ਤੇ ਵੀ ਰੋਸ ਜ਼ਾਹਰ ਕੀਤਾ ਕਿ ਅਜੇ ਤਕ ਪ੍ਰਦੀਪ ਸਿੰਘ ਦਾ ਕੋਈ ਵੀ ਕਾਤਲ ਪੁਲਸ ਦੇ ਹੱਥ ਨਹੀਂ ਲੱਗਿਆ ਹੈ।
ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਦੱਸਿਆ ਪ੍ਰਦੀਪ ਕੈਨੇਡਾ ਵਿਚ ਉਨ੍ਹਾਂ ਦੇ ਨਾਲ਼ ਹੀ ਰਹਿੰਦਾ ਸੀ ਅਤੇ ਉਸ ਨੇ 2 ਸਾਲ ਪਹਿਲਾਂ ਆਪਣੇ ਸਾਥੀਆਂ ਅਤੇ ਬਾਬਾ ਬੁੱਢਾ ਦਲ ਤੋਂ ਪ੍ਰਭਾਵਤ ਹੋ ਕੇ ਬਾਣਾ ਪਾਇਆ ਸੀ ਅਤੇ ਸਿੰਘ ਸੱਜ ਗਿਆ ਸੀ। ਉਹ 29 ਸਤੰਬਰ ਨੂੰ ਭਾਰਤ ਆਇਆ ਸੀ ਅਤੇ ਮੈਂ ਕੁਝ ਦਿਨ ਪਹਿਲਾਂ ਹੀ ਭਾਰਤ ਪਰਤਿਆ ਸੀ। ਅਸੀਂ ਇਕ ਮਾਰਚ ਨੂੰ ਇਕੱਠੇ ਸ੍ਰੀ‌ ਅਨੰਦਪੁਰ ਸਾਹਿਬ ਗਏ ਸੀ। ਪ੍ਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਜ਼ਖਮੀ ਮੁਲਜ਼ਮ ਦੀ ਪਤਨੀ ਦੀ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਪਹਿਲਾਂ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਸਬੂਤ ਵਜੋਂ ਇਕ ਵਾਇਰਲ ਵੀਡੀਓ ਪੱਤਰਕਾਰਾਂ ਨੂੰ ਦਿੰਦੇ ਹੋਏ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਹੁੱਲੜਬਾਜ਼ ਨੌਜਵਾਨ‌ ਆਪਣੇ ਨਾਲ ਹੀ ਹਥਿਆਰ ਲੈ ਕੇ ਆਏ ਸਨ ਅਤੇ ਉਨ੍ਹਾਂ ਹਥਿਆਰਾਂ ਨਾਲ ਹੀ ਉਨ੍ਹਾਂ ਨੇ‌ ਪ੍ਰਦੀਪ ਸਿੰਘ ਦਾ ਕਤਲ ਕੀਤਾ ਸੀ। ਇਸ ਗੱਲ ਵਿਚ ਵੀ ਕੋਈ ਦਮ ਨਹੀਂ ਹੈ ਕਿ ਪ੍ਰਦੀਪ ਸਿੰਘ ਦੀ ਕਿਰਪਾਨ ਖੋਹ ਕੇ ਹੀ ਉਸ ਨੂੰ ਮਾਰਿਆ ਗਿਆ ਹੈ।

ਉਸ ਨੇ ਦੱਸਿਆ ਕਿ ਵੀਡੀਓ ਤੋਂ ਸਾਫ ਜ਼ਾਹਰ ਹੈ ‌ਕਿ ਪ੍ਰਦੀਪ ਸਿੰਘ ਨੇ ਆਪਣੀ ਕਿਰਪਾਨ ਨਾਲ ਹਮਲਾਵਰ ਹੁੱਲੜਬਾਜ਼ ਨੌਜਵਾਨਾਂ ਦਾ ਮੁਕਾਬਲਾ ਕੀਤਾ ਅਤੇ ਜਦੋਂ ਉਸ ਦੀ ਕਿਰਪਾਨ ਟੁੱਟ ਗਈ ਤਾਂ ਉਸ ਨੇ ਉੱਠ ਕੇ ਹਮਲਾਵਰ ਨੌਜਵਾਨਾਂ ਵਿਚੋਂ ਇਕ ਨੂੰ ਜੱਫੀ ਪਾ ਲਈ ਸੀ। ਉਸ ਨੇ ਕਿਹਾ ਕਿ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਿਹੰਗ ਸਿੰਘ ਪ੍ਰਦੀਪ ਸਿੰਘ ਦੇ ਕਾਤਲਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਥੇ ਹੀ ਮ੍ਰਿਤਕ ਪਰਦੀਪ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਦੁਰਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ ਕਿ ਕੋਈ ਵੀ ਹੁੱਲੜਬਾਜ਼ਾ ਹਥਿਆਰਾਂ ਸਮੇਤ ਧਾਰਮਿਕ ਜੋੜ ਮੇਲਿਆਂ ’ਤੇ ਨਾ ਜਾ ਸਕੇ।

Leave a Reply

Your email address will not be published. Required fields are marked *