ਨੰਗਲ : ਹਰਿਆਣਾ ਸਰਕਾਰ ਨੂੰ 8500 ਕਿਊਸਿਕ ਪਾਣੀ ਵੱਧ ਦੇਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਸਵੇਰ ਤੋਂ ਨੰਗਲ ਡੈਮ ਤੇ ਪੁਲਿਸ ਤੈਨਾਤ ਸੀ , ਆਖਰ ਕਾਰ ਬਿੱਲੀ ਥੈਲੇ ਤੋਂ ਬਾਹਰ ਆ ਹੀ ਗਈ ਜਦੋਂ ਇੱਕਦਮ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਮੌਕੇ ਤੇ ਆਪਣੇ ਸਾਥੀਆਂ ਨਾਲ ਪਹੁੰਚੇ ਅਤੇ ਉੱਥੇ ਇਕੱਠੇ ਕੀਤੇ ਬੀਬੀਐਮਬੀ ਦੇ ਅਧਿਕਾਰੀਆਂ ਤੋਂ ਨੰਗਲ ਡੈਮ ਦੀਆਂ ਚਾਬੀਆਂ ਪੰਜਾਬ ਪੁਲਿਸ ਵੱਲੋਂ ਲੈ ਲਈਆਂ ਗਈਆਂ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਇੱਕ ਵੀ ਬੂੰਦ ਹਰਿਆਣਾ ਸਰਕਾਰ ਨੂੰ ਨਹੀਂ ਦੇਵਾਂਗੇ ਉਹਨਾਂ ਨੇ ਕਿਹਾ ਕਿ ਰਾਤੋ ਰਾਤ ਬੀਬੀਐਮਬੀ ਨੇ ਪਾਣੀ ਇਕੱਠਾ ਕਰ ਲਿਆ ਸੀ ਅਤੇ ਸਵੇਰੇ ਛੱਡਣਾ ਸੀ, ਜਿਸ ਦੀ ਭਿਣਕ ਸਾਨੂੰ ਪਹਿਲਾਂ ਹੀ ਪੈ ਗਈ ਸੀ ਉਹਨਾਂ ਨੇ ਕਿਹਾ ਕਿ ਹੁਣ ਨੰਗਲ ਡੈਮ ਦੀਆਂ ਚਾਬੀਆਂ ਪੰਜਾਬ ਪੁਲਿਸ ਕੋਲ ਹਨ ਅਤੇ ਇੱਕ ਵੀ ਬੂੰਦ ਪਾਣੀ ਆਲੇ ਦੁਆਲੇ ਨਹੀਂ ਜਾਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਵੀ ਕਿਹਾ ਕਿ ਅੱਜ ਸਾਡਾ 10 ਹਜਾਰ ਕਿਲਾ ਬਿਨਾਂ ਪਾਣੀ ਤੋਂ ਸੁੱਕ ਰਿਹਾ ਹੈ। ਅੱਜ ਅਸੀਂ ਲਿਫਟ ਇਰੀਗੇਸ਼ਨ ਸ਼ੁਰੂ ਕਰ ਰਹੇ ਹਾਂ ਅੱਜ ਸਾਡੇ ਪਿੰਡ ਬਾਸ ਬਿਭੋਰ, ਮਾਂਗੇਵਾਲ, ਗੰਭੀਰਪੁਰ , ਅਤੇ ਕੀਰਤਪੁਰ ਤੋਂ ਉਤਲੇ ਪਿੰਡਾਂ ਨੂੰ ਜਿਨਾਂ ਵਿੱਚ ਲਿਫਟ ਇਰੀਗੇਸ਼ਨ ਚੱਲ ਰਹੀ ਹੈ ਨੂੰ ਪਾਣੀ ਦੀ ਵੱਧ ਲੋੜ ਹੈ ਇਸ ਲਈ ਅਸੀਂ ਆਪਣਾ ਪਾਣੀ ਕਿਸੇ ਹੋਰ ਸੂਬੇ ਨੂੰ ਕਿਉਂ ਦੇਣ ਦਈਏ। ਉਹਨਾਂ ਨੇ ਕਿਹਾ ਕਿ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਨੰਗਲ ਡੈਮ ਤੇ ਪਹੁੰਚ ਰਹੇ ਹਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਅਸੀਂ ਇਥੋਂ ਨਹੀਂ ਉੱਠਾਂਗੇ।