ਨਵੀਂ ਦਿੱਲੀ- ਤੁਰਕੀ-ਸੀਰੀਆ ’ਚ ਭੂਚਾਲ ਕਾਰਨ ਹੁਣ ਤਕ 41 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਤੁਰਕੀ ਦੀ ਮਦਦ ਲਈ ਭਾਰਤ ਤੋਂ ਐੱਨਡੀਆਰਐੱਫ ਦੀ ਟੀਮ ਵੀ ਭੇਜੀ ਗਈ ਸੀ ਜੋ ਹੁਣ ਦੇਸ਼ ਪਰਤ ਆਈ ਹੈ। ਜ਼ਿਕਰਯੋਗ ਹੈ ਕਿ ਇਸ ਟੀਮ ਵਿੱਚ ਡਾਗ ਸਕੁਐਡ ਦੇ ਮੈਂਬਰ ਰੈਂਬੋ ਅਤੇ ਹਨੀ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 47 ਮੈਂਬਰ ਅਜਿਹੇ ਵੀ ਹਨ ਜੋ ਅੱਜ ਭਾਰਤ ਪਰਤੇ ਹਨ।
ਦਰਅਸਲ 6 ਫਰਵਰੀ ਨੂੰ ਤੁਰਕੀ ਵਿਚ ਭੂਚਾਲ ਆਉਣ ਤੋਂ 24 ਘੰਟਿਆਂ ਦੇ ਅੰਦਰ ਭਾਰਤ ਨੇ ਐੱਨਡੀਆਰਐੱਫ ਟੀਮਾਂ ਭੇਜ ਕੇ ਤੁਰਕੀ ਵਿਚ ਆਪਰੇਸ਼ਨ ਸ਼ੁਰੂ ਕੀਤਾ ਸੀ। ਭੂਚਾਲ ਤੋਂ ਬਾਅਦ ਤੁਰਕੀ ਪਹੁੰਚੀ ਐੱਨਡੀਆਰਐੱਫ ਦੀ 8ਵੀਂ ਬਟਾਲੀਅਨ ਦੇ ਜਵਾਨਾਂ ਨੇ ਆਪਣੀ ਦਲੇਰੀ ਨਾਲ ਕਈ ਜਾਨਾਂ ਬਚਾਈਆਂ। ਐੱਨਡੀਆਰਐੱਫ ਦੇ ਜਵਾਨਾਂ ਦਾ ਪਹਿਲਾ ਸੀ-17 ਗਲੋਬਮਾਸਟਰ ਜਹਾਜ਼ ਸਵੇਰੇ 9:00 ਵਜੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ’ਤੇ ਪਹੁੰਚਿਆ।