ਹਾਲ ਹੀ ‘ਚ ਇੱਕ ਟੀਵੀ ਚੈਨਲ ਦੇ ਸਟਿੰਗ ਆਪ੍ਰੇਸ਼ਨ ‘ਚ ਫਸਣ ਤੋਂ ਬਾਅਦ ਬੀਸੀਸੀਆਈ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਬੀਸੀਸੀਆਈ ਜਨਰਲ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਹਾਰ ਤੋਂ ਬਾਅਦ ਚੇਤਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਹਾਲਾਂਕਿ ਉਨ੍ਹਾਂ ਨੂੰ ਬਾਅਦ ਵਿਚ ਬਹਾਲ ਕਰ ਦਿੱਤਾ ਗਿਆ ਸੀ। ਚੇਤਨ ਨੇ ਮੰਗਲਵਾਰ ਨੂੰ ਇਕ ਚੈਨਲ ’ਤੇ ਸਟਿੰਗ ਆਪ੍ਰੇਸ਼ਨ ਵਿਚ ਸਾਬਕਾ ਕਪਤਾਨ ਵਿਰਾਟ ਕੋਹਲੀ ’ਤੇ ਕਈ ਦੋਸ਼ ਲਾਏ। ਇਸ ਸਟਿੰਗ ਦੇ ਸਾਹਮਣੇ ਆਉਣ ਤੋਂ ਬਾਅਦ ਬੀਸੀਸੀਆਈ ਵੀ ਹਰਕਤ ਵਿਚ ਆ ਗਿਆ ਹੈ ਕਿਉਂਕਿ ਰਾਸ਼ਟਰੀ ਚੋਣਕਾਰ ਕਰਾਰ ਨਾਲ ਬੱਝੇ ਹਨ ਤੇ ਉਹ ਮੀਡੀਆ ਵਿਚ ਗੱਲ ਨਹੀਂ ਕਰ ਸਕਦੇ ਹਨ। ਬੀਸੀਸੀਆਈ ਸੂਤਰਾਂ ਨੇ ਦੱਸਿਆ ਕਿ ਚੇਤਨ ਦਾ ਭਵਿੱਖ ਹੁਣ ਕੀ ਹੋਵੇਗਾ ਇਸ ’ਤੇ ਬੋਰਡ ਸਕੱਤਰ ਜੈ ਸ਼ਾਹ ਫ਼ੈਸਲਾ ਲੈਣਗੇ।