ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ 26, 27 ਅਤੇ 28 ਦਸੰਬਰ ਨੂੰ ਹੋ ਰਹੀ ਹੈ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ਹੀਦੀ ਸਭਾ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚਦੀ ਹੈ।
ਜ਼ਿਕਰਯੋਗ ਹੈ ਕਿ ਫਤਹਿਗੜ੍ਹ ਸਾਹਿਬ ਵਰਗੀ ਸ਼ਹੀਦੀ ਸਭਾ ਪੂਰੇ ਵਿਸ਼ਵ ਵਿਚ ਨਹੀਂ ਹੋਈ ਜਿਸ ਦੀ ਦੇਸ਼ ਤੇ ਦੁਨੀਆ ਵਿਚ ਕੋਈ ਮਿਸਾਲ ਨਹੀਂ ਮਿਲਦੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ’ਤੇ ਪਾਰਕਿੰਗ ਅਤੇ ਆਰਜੀ ਬੱਸ ਸਟੈਂਡ ਬਣਾਏ ਗਏ ਹਨ। ਸ਼ਹੀਦੀ ਸਭਾ ਨੂੰ ਆਪਣੇ ਇਲਾਕੇ ਦੇ ਪ੍ਰਸ਼ਾਸਨ, ਖ਼ਾਸ ਕਰ ਕੇ ਬਜ਼ੁਰਗਾਂ, ਔਰਤਾਂ, ਅਪਾਹਜਾਂ ਅਤੇ ਬੱਚਿਆਂ ਦੀ ਸਹੂਲਤ ਲਈ ਮੁਫ਼ਤ ਈ-ਰਿਕਸ਼ਾ ਅਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਸੰਗਤ ਨੂੰ ਫ਼ਤਹਿਗੜ੍ਹ ਸਾਹਿਬ ਲੈ ਕੇ ਆਉਣਗੇ।