ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਜਲਦੀ ਹੀ ਦੇਸ਼ ਦੇ ਡਿਜੀਟਲ ਹੱਬ ਵਜੋਂ ਉੱਭਰੇਗਾ।
ਆਊਟਸੋਰਸਡ ਡਿਜ਼ੀਟਲ ਕਾਰੋਬਾਰੀ ਸੇਵਾਵਾਂ ਲਈ ਗਲੋਬਲ ਲੀਡਰ ਟੈਲੀਪਰਫਾਰਮੈਂਸ (ਟੀ.ਪੀ.) ਦੇ ਚੇਅਰਮੈਨ ਅਤੇ ਸੀ.ਈ.ਓ. ਡੇਨੀਅਲ ਜੂਲੀਅਨ ਨਾਲ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਇਸ ਵਿਸ਼ਾਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਟੈਲੀਪਰਫਾਰਮੈਂਸ ਦੇ ਮੋਹਾਲੀ ਵਿੱਚ 16 ਹਜ਼ਾਰ ਤੋਂ ਵੱਧ ਕਰਮਚਾਰੀ ਹਨ। ਉਨ੍ਹਾਂ ਜੂਲੀਅਨ ਨੂੰ ਪੰਜਾਬ ਵਿੱਚ ਹੋਰ ਵਿਸਥਾਰ ਲਈ ਵਿਚਾਰ ਕਰਨ ਦੀ ਅਪੀਲ ਕੀਤੀ ਅਤੇ ਜੂਲੀਅਨ ਨੇ ਇਸ ਪੇਸ਼ਕਸ਼ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਟੈਲੀਪਰਫਾਰਮੈਂਸ ਸੇਵਾਵਾਂ ਦੀਆਂ ਮੋਹਾਲੀ ਵਿੱਚ ਆਪਣੀਆਂ ਤਿੰਨ ਸਾਈਟਾਂ ਹਨ, ਜਿਨ੍ਹਾਂ ਕੋਲ ਬੀ.ਐਫ.ਐਸ., ਟਰੈਵਲ, ਈ-ਕਾਮਰਸ, ਤਕਨਾਲੋਜੀ, ਮੀਡੀਆ ਅਤੇ ਟੈਲੀਕਾਮ ਸਮੇਤ ਸਾਰੇ ਉਦਯੋਗਾਂ ਦੇ ਮੋਹਰੀ ਗਾਹਕ ਹਨ।