ਜੰਗ-ਏ-ਆਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੇ ਬੁੱਤਾਂ ‘ਤੇ ਤਿਰੰਗਾ ਝੰਡਾ ਉਤਾਰ ਕੇ ਲਾਏ ਕੇਸਰੀ ਝੰਡੇ

ਸੁਨਾਮ : ਜੰਗ-ਏ-ਆਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਸ਼ਹੀਦ ਦੇ ਪਟਿਆਲਾ ਰੋਡ ‘ਤੇ ਸਥਿਤ ਦੋ ਵੱਖ ਵੱਖ ਥਾਵਾਂ ‘ਤੇ ਲੱਗੇ ਬੁੱਤਾਂ ਤੋਂ ਤਿਰੰਗਾ ਝੰਡਾ ਉਤਾਰ ਕੇ ਕੇਸਰੀ ਰੰਗ ਦੇ ਖੰਡਾ ਅੰਕਿਤ ਕੀਤੇ ਝੰਡੇ ਲਹਿਰਾ ਦੇਣ ਨੇ ਪੁਲਿਸ ਦੀ ਕਾਰਗੁਜ਼ਾਰੀ ਸਮੇਤ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਂਝ ਪਤਾ ਲੱਗਣ ਤੋਂ ਬਾਅਦ ਕੇਸਰੀ ਝੰਡੇ ਉਤਾਰ ਦਿੱਤੇ ਗਏ। ਦੱਸਣਯੋਗ ਹੈ ਕਿ 26 ਦਸੰਬਰ ਨੂੰ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਸੁਨਾਮ ਵਿਖੇ ਸੰਸਥਾਵਾਂ ਵੱਲੋਂ ਕਈ ਸਮਾਗਮ ਕਰਵਾਏ ਜਾਂਦੇ ਹਨ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਵਿਨੋਦ ਗੁਪਤਾ ਨੇ ਉਕਤ ਘਟਨਾ ‘ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ਮਹਾਨ ਸ਼ਹੀਦ ਊਧਮ ਸਿੰਘ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ।

ਉਨ੍ਹਾਂ ਨੇ ਆਪਣੇ-ਆਪ ਨੂੰ ਕਿਸੇ ਧਰਮ ਜਾਂ ਜਾਤ ਨਾਲ ਨਹੀਂ ਜੋੜਿਆ। ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਅਜਿਹੇ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਕਿਸੇ ਧਰਮ ਜਾਂ ਜਾਤ ਨਾਲ ਨਹੀਂ ਜੋੜਿਆ ਜਾ ਸਕਦਾ। ਜ਼ੁਲਮ ਖਿਲਾਫ ਇਸ ਸ਼ਹੀਦ ਨੇ ਮਨੁੱਖਤਾ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਥਾਣਾ ਸ਼ਹਿਰੀ ਸੁਨਾਮ ਦੇ ਐਸਐਚਓ ਇੰਸਪੈਕਟਰ ਸੁਖਦੇਵ ਸਿੰਘ ਨਾਲ ਸਰਕਾਰੀ ਨੰਬਰ ‘ਤੇ ਸੰਪਰਕ ਕਰਨਾ ਚਾਹਿਆ ਤਾਂ ਅੱਗੋਂ ਜਵਾਬ ਨਹੀਂ ਮਿਲਿਆ।

Leave a Reply

Your email address will not be published. Required fields are marked *