ਧਰਮ ਦੇ ਆਧਾਰ ’ਤੇ ਵਿਤਕਰਾ ਨਾ ਕਰੋ ਬਲਕਿ ਹਰ ਦੋਸ਼ੀ ਖਿਲਾਫ ਕਾਰਵਾਈ ਕਰੋ : ਬਿਕਰਮ ਸਿੰਘ ਮਜੀਠੀਆ
ਹਰ ਨਾਗਰਿਕ ਦੀ ਰੱਖਵਾਲੀ ਹੋਵੇ ਨਾ ਕਿ ਚੋਣਵੇਂ ਆਧਾਰ ’ਤੇ ਸੁਰੱਖਿਆ ਮਿਲੇ
ਰਾਜ ਦੇ ਲੋਕ ਫਿਰਕੂ ਲੀਹਾਂ ’ਤੇ ਵੰਡ ਤੋਂ ਚਿੰਤਤ
ਪੰਜਾਬੀਅਤ ਦਾ ਸਫਲ ਹੋਣਾ ਜ਼ਰੂਰੀ ਕਿਉਂਕਿ ਅਸੀਂ ਸਰਬੱਤ ਦੇ ਭਲੇ ’ਚ ਵਿਸ਼ਵਾਸ ਕਰਦੇ ਹਾਂ ਤੇ ਇਸਦੀ ਅਰਦਾਸ ਕਰਦੇ ਹਾਂ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਗਿਣੇ ਚੁਣੇ ਤੱਤਾਂ ਖਿਲਾਫ ਕਾਰਵਾਈ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੋਈ ਹੈ ਜੋ ਲੋਕਾਂ ਦੀ ਸੋਚ ਦਾ ਧਾਰਮਿਕ ਲੀਹਾਂ ’ਤੇ ਧਰੁਵੀਕਰਨ ਕਰ ਕੇ ਮਾਹੌਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰ ਰਹੇ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਲੋਕ ਇਹਨਾਂ ਤੱਤਾਂ ਬਾਰੇ ਚਿੰਤਤ ਹਨ ਜੋ ਇਕ ਦੂਜੇ ਦੇ ਧਰਮਾਂ ਖਿਲਾਫ ਜ਼ਹਿਰ ਉਗਲ ਰਹੇ ਹਨ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਹਿੰਦੂ ਤੇ ਸਿੱਖ ਭਾਈਚਾਰੇ ਵਿਚਾਲੇ ਆਪਸੀ ਸਾਂਝ ਦੀ ਰਾਖੀ ਜ਼ਰੂਰੀ ਹੈ ਤੇ ਪੰਜਾਬੀਅਤ ਦਾ ਕਾਮਯਾਬ ਹੋਣਾ ਜ਼ਰੂਰੀ ਹੈ ਕਿਉਂਕਿ ਅਸੀਂ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਨੁਸਾਰ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਕਰਦੇ ਹਾਂ ਤੇ ਇਸਦੀ ਅਰਦਾਸ ਕਰਦੇ ਹਾਂ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਜਿਹੇ ਅਨਸਰਾਂ ਦੇ ਖਿਲਾਫ ਕਾਰਵਾਈ ਵਿਚ ਦੋਗਲਾ ਮਿਆਰ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਸੰਦੀਪ ਸੂਰੀ ਕਤਲ ਕੇਸ ਵਿਚ ਸੰਨੀ ਗ੍ਰਿਫਤਾਰ ਹੋ ਚੁੱਕਾ ਹੈ ਪਰ ਉਹਨਾਂ ਅਨਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀਗਈ ਜਿਹਨਾਂ ਨੇ ਸੰਨੀ ਦੇ ਭਰਾ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗੇ ਲਗਾਈ ਅਤੇ ਸਿੱਖ ਕੌਮ ਖਿਲਾਫ ਜ਼ਹਿਰ ਉਗਲਿਆ। ਉਹਨਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਤੇ ਕਿਸੇ ਇਕ ਭਾਈਚਾਰੇ ਲਈ ਕਾਨੂੰਨ ਵੱਖਰਾ ਤੇ ਦੂਜੇ ਲਈ ਵੱਖਰਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਹਰੇਕ ਦੀ ਰਾਖੀ ਹੋਣੀ ਚਾਹੀਦੀ ਹੈ ਨਾ ਕਿ ਚੋਣਵੇਂ ਆਧਾਰ ’ਤੇ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਸੰਨੀ ਦੇ ਭਰਾ ਹਰਦੀਪ ਸਿੰਘ ਤੇ ਮਨਦੀਪ ਸਿੰਘ ਨੂੰ ਵੀ ਸੁਰੱਖਿਆ ਦਿੱਤੀ ਜਾਣੀ ਚਾਹੀਦੀਹੈ।
ਉਹਨਾਂ ਦੱਸਿਆ ਕਿ ਜਿਹੜੇ ਅਨਸਰਾਂ ਨੇ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗ ਲਗਾਈ ਤੇ ਸਭ ਕੁਝ ਤਬਾਹ ਕੀਤਾ, ਉਹਨਾਂ ਖਿਲਾਫ 10 ਨਵੰਬਰ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਦੋਸ਼ੀਆਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਹਨਾਂ ਕਿਹਾ ਕਿ ਹਰਦੀਪ ਸਿੰਘ ਦਾ ਸੂਰੀ ਦੇ ਕਤਲ ਕੇਸ ਵਿਚ ਕੋਈ ਰੋਲ ਨਹੀਂ ਹੈ ਪਰ ਫਿਰ ਵੀ ਪੁਲਿਸ ਉਸਨੂੰ ਨਿਆਂ ਨਹੀਂ ਦੇ ਰਹੀ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਪੁਲਿਸ ਨੂੰ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਨਾ ਕਰਨ ਵਾਸਤੇ ਆਖਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਸੀ ਸੀ ਟੀ ਵੀ ਸਬੂਤ ਉਪਲਬਧ ਹਨ ਜਿਹਨਾਂ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਸੌਰਵ ਸੇਤੀਆ ਤੇ ਮਨੀਸ਼ ਕਪੂਰ ਦੁਕਾਨਾਂ ’ਤੇ ਪਥਰਾਅ ਕਰਦੇ ਵੇਖੇ ਜਾ ਸਕਦੇ ਹਨ ਅਤੇ ਰਾਹੁਲ ਨਾਂ ਦਾ ਨੌਜਵਾਨ ਮੋਟਰ ਸਾਈਕਲ ਵਿਚੋਂ ਪੈਟਰੋਲ ਕੱਢ ਕੇ ਦੁਕਾਨ ਨੂੰ ਅੱਗ ਲਾਉਂਦਾ ਤੇ ਇਕ ਨੌਜਵਾਨ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ ਪਰ ਇਹਨਾਂ ਅਨਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਹਿੰਦੂ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਵਕੀਲ ਸੰਨੀ ਦੀ ਅਦਾਲਤ ਵਿਚ ਪ੍ਰਤੀਨਿਧਤਾ ਕਰ ਰਹੇ ਹਨ ਕਿਉਂਕਿ ਉਹ ਵੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣੀ ਰਹਿਣੀ ਵੇਖਣਾ ਚਾਹੁੰਦੇ ਹਨ। ਉਹਨਾਂ ਨੇ ਇਸ ਮੌਕੇ ਵਕੀਲਾਂ ਦੇ ਨਾਂ ਵੀ ਦੱਸੇ ਜਿਹਨਾਂ ਵਿਚ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੌਰਵ ਚੰਗੋਤਰਾ, ਰੋਹਿਤ ਸ਼ਰਮਾ, ਰਮਨ ਸ਼ਰਮਾ, ਧੀਰਜ ਸੋਢੀ, ਸੁਖਰਾਜ ਸਿੰਘ ਮਾਨ, ਗੁਰਪ੍ਰੀਤ ਸਿੰਘ ਬਾਸਰਕੇ ਅਤੇ ਸੁਰਿੰਦਰ ਮੋਹਨ ਸ਼ਰਮਾ ਹਾਜ਼ਰ ਹਨ।
ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਮੌਜੂਦ ਮਨਦੀਪ ਸਿੰਘ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਧਾਰਮਿਕ ਬਿਰਤੀ ਹੈ ਤੇ ਹਮੇਸ਼ਾ ਫਿਰਕੂ ਸਦਭਾਵਨਾ ਨਾਲ ਕੰਮ ਕਰਦਾ ਹੈ ਤੇ ਉਹਨਾਂ ਦੀ ਦੁਕਾਨ ’ਤੇ ਕਈ ਹਿੰਦੂ ਵੀਰ ਵੀ ਨੌਕਰੀ ਕਰਦੇ ਹਨ ਅਤੇ ਉਹਨਾਂ ਦੇ ਗਾਹਕਾਂ ਵਿਚ ਸਿਰਫ ਸਿੱਖ ਹੀ ਨਹੀਂ ਬਲਕਿ ਸਮੁੱਚੇ ਪੰਜਾਬੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜਦੋਂ ਉਹ ਅਦਾਲਤ ਵਿਚ ਪੇਸ਼ੀ ਮੌਕੇ ਸੰਨੀ ਨੂੰ ਮਿਲਦੇ ਹਨ ਤਾਂ ਉਹ ਵੀ ਇਹੀ ਆਖਦਾ ਹੈ ਕਿ ਹਿੰਦੂ ਤੇ ਸਿੱਖ ਭਾਈਚਾਰੇ ਦੇ ਨਾਂ ’ਤੇ ਧਰੁਵੀਕਰਨ ਨਾ ਹੋਣ ਦਿੱਤਾ ਜਾਵੇ।
ਮਜੀਠੀਆ ਨੇ ਮੰਗ ਕੀਤੀ ਕਿ ਆਪ ਸਰਕਾਰ ਧਰਮ ਦੇ ਆਧਾਰ ’ਤੇ ਵਿਤਕਰਾ ਨਾ ਕਰੇ ਬਲਕਿ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰੇ। ਉਹਨਾਂ ਕਿਹਾ ਕਿ ਜੋ ਜ਼ਹਿਰ ਉਗਲਦੇ ਹਨ, ਉਹਨਾਂ ਨੂੰ ਕੋਈ ਸਕਿਓਰਿਟੀ ਨਾ ਦਿੱਤੀ ਜਾਵੇ ਬਲਕਿ ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਬਹੁਤ ਜ਼ਰੂਰੀ ਹੈ।