ਬਾਜਵਾ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਨਾ ਕਰਨ ਲਈ ‘ਆਪ’ ਸਰਕਾਰ ਦੀ ਨਿੰਦਾ ਕੀਤੀ

ਕੀ ਇਹ ਡਾ. ਬੀ.ਆਰ. ਅੰਬੇਡਕਰ ਦਾ ਨਿਰਾਦਰ ਨਹੀਂ ਹੈ, ਜਿਸ ਦੇ ਨਾਮ ‘ਤੇ ‘ਆਪ’ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਮੰਗ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ?

ਚੰਡੀਗੜ੍ਹ – ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਦੇ ਬੇਜ਼ਮੀਨੇ ਅਤੇ ਖੇਤ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਲਗਾਤਾਰ ਉਦਾਸੀਨ ਰਵੱਈਏ ਦੀ ਤਿੱਖੀ ਆਲੋਚਨਾ ਕੀਤੀ।

‘ਆਪ’ ਸਰਕਾਰ ਦੇ ਖੋਖਲੇ ਵਾਅਦਿਆਂ ਤੋਂ ਤੰਗ ਆ ਕੇ ਬੇਜ਼ਮੀਨੇ ਅਤੇ ਖੇਤ ਮਜ਼ਦੂਰਾਂ (ਜਿਨ੍ਹਾਂ ‘ਚੋਂ ਜ਼ਿਆਦਾਤਰ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ) ਨੇ 30 ਨਵੰਬਰ ਨੂੰ ਸੰਗਰੂਰ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਤਿੱਖਾ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਦਲਿਤਾਂ ਦੀ 33 ਫ਼ੀਸਦੀ ਪ੍ਰਤੀਨਿਧਤਾ ਯਕੀਨੀ ਬਣਾਉਣਾ ਅਤੇ ਪ੍ਰਦਰਸ਼ਨਕਾਰੀ ਮਜ਼ਦੂਰਾਂ ਖ਼ਿਲਾਫ਼ ਦਰਜ ਐਫ. ਆਈ.ਆਰ. ਰੱਦ ਕਰਾਉਣਾ ਹਨ।

ਬਾਜਵਾ ਕਿਹਾ ਕਿ ਇਹ ਬਹੁਤ ਹੀ ਅਣਉੱਚਿਤ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਦਲਿਤ ਭਾਈਚਾਰੇ ਅਤੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਬਹਾਨੇ ਸੱਤਾ ਹਥਿਆ ਲਈ, ਪਰ ਜਦੋਂ ਵੀ ਉਨ੍ਹਾਂ ਨੂੰ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਪਿੱਛੇ ਹਟ ਗਈ। ਬਾਜਵਾ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਕੀ ਇਹ ਡਾ. ਬੀ.ਆਰ. ਅੰਬੇਦਕਰ ਦਾ ਨਿਰਾਦਰ ਨਹੀਂ ਹੈ, ਜਿਸ ਦੇ ਨਾਂ ‘ਤੇ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਮੰਗ ਕੇ ਮੂਰਖ ਬਣਾਇਆ ਅਤੇ ਇਹ ਹੁਣ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ‘ਚ ਅਸਫਲ ਰਹੀ ਹੈ?

ਵਿਰੋਧੀ ਧਿਰ ਦੇ ਆਗੂ, ਜੋ ਕਿ ਕਾਦੀਆਂ ਤੋਂ ਵਿਧਾਇਕ ਵੀ ਹਨ, ਨੇ ਦਲਿਤ ਮਜ਼ਦੂਰਾਂ ਦੇ ਦੋਸ਼ਾਂ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਕਿ ਉਨ੍ਹਾਂ ਦੀਆਂ ਸਰਕਾਰੀ ਨੁਮਾਇੰਦਿਆਂ ਨਾਲ ਵਾਰ-ਵਾਰ ਮੀਟਿੰਗਾਂ ਦਾ ਪੰਜਾਬ ਦੇ ਦਲਿਤਾਂ ਲਈ ਕੋਈ ਸਕਾਰਾਤਮਿਕ ਨਤੀਜਾ ਨਹੀਂ ਨਿਕਲਿਆ ਕਿਉਂਕਿ ਸਰਕਾਰੀ ਨੁਮਾਇੰਦੇ ਅਤੇ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਬਾਜਵਾ ਨੇ ਕਿਹਾ, “ਇਸੇ ਤਰਾਂ, ‘ਆਪ’ ਸਰਕਾਰ ਨੇ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸਨ, ਪਰ ‘ਆਪ’ ਸਰਕਾਰ ਦੀ ਬੇਰੁਖ਼ੀ ਕਾਰਨ ਕਿਸਾਨਾਂ ਨੇ ਲੜੀਵਾਰ ਅੰਦੋਲਨ ਅਤੇ ਮਰਨ ਵਰਤ ‘ਤੇ ਬੈਠੇ ਹਨ”।

ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਅੱਠ ਮਹੀਨਿਆਂ ਦੇ ਕਾਰਜਕਾਲ ‘ਚ ਮਜ਼ਦੂਰਾਂ, ਕਿਸਾਨਾਂ, ਠੇਕੇ ‘ਤੇ ਰੱਖੇ ਮੁਲਾਜ਼ਮਾਂ ਅਤੇ ਅਧਿਆਪਕਾਂ ਸਮੇਤ ਸਮਾਜ ਦੇ ਕਈ ਵਰਗਾਂ ਨੂੰ ਨਿਰਾਸ਼ ਕੀਤਾ ਹੈ। ਇਸ ਦੌਰਾਨ ਕੋਈ ਹੋਰ ਚਾਰਾ ਨਾ ਰਹਿ ਕੇ ਇਹ ਲੋਕ ਸੜਕਾਂ ‘ਤੇ ਉਤਰ ਆਏ ਹਨ।

Leave a Reply

Your email address will not be published. Required fields are marked *