ਟੋਕੀਓ, 24 ਜੁਲਾਈ (ਪਰਮਜੀਤ ਸਿੰਘ ਬਾਗੜੀਆ) ਕੋਵਿਡ ਮਹਾਮਾਰੀ ਦੇ ਪ੍ਰਛਾਵੇਂ ਹੇਠ ਵਿਸ਼ਵ ਦੇ ਸਭ ਤੋਂ ਵੱਡੇ ਖੇਡ ਉਤਸਵ ਉਲੰਪਿਕ ਦਾ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਵਿਸ਼ੇਸ਼ ਪਾਬੰਦੀਆਂ ਅਤੇ ਸਾਵਧਾਨੀਆਂ ਅਧੀਨ ਉਦਘਾਟਨ ਹੋਇਆ। ਜਪਾਨ ਦੇ ਸਮਰਾਟ ਨਾਰੂਹੀਤੋ ਵਲੋਂ ਟੋਕੀਓ ਖੇਡਾਂ ‘ਗੇਮਜ਼ ਆਫ ਹੋਪ’ ਦਾ ਰਸਮੀ ਉਦਘਾਟਨ ਕਰਨ ਦੇ ਐਲਾਨ ਨਾਲ ਹੀ ਆਤਿਸ਼ਬਾਜੀ ਰਾਹੀਂ ਸੁੰਦਰ ਝਲਕਾਰੇ ਪੇਸ਼ ਕੀਤੇ ਗਏ।ਜਪਾਨ ਦੀ ਪ੍ਰਸਿੱਧ ਟੈਨਿਸ ਖਿਡਾਰਨ ਨਾਓਮੀ ਓਸਾਕਾ ਨੇ ਉਲੰਪਿਕ ਮਸ਼ਾਲ ਜਲਾਈ। ਉਲਪਿੰਕ ਦੇ 125 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਇਹ ਖੇਡਾਂ ਮਹਾਂਮਾਰੀ ਕਰਕੇ ਬਗੈਰ ਦਰਸਕਾਂ ਦੇ ਹੋ ਰਹੀਆਂ ਹਨ ਅਤੇ ਸਮੂਹ ਦੇਸ਼ਾਂ ਦੇ ਖੇਡ ਦਲਾਂ ਦੇ ਮਾਰਚ ਪਾਸਟ ਸਮੇਂ ਸਾਰਿਆਂ ਨੇ ਮਾਸਕ ਪਹਿਨੇ ਹੋਏ ਸੀ ਪਰ ਕ੍ਰਿਗੀਜਸਤਾਨ ਅਤੇ ਤਾਜਿਕਸਤਾਨ ਦੇ ਖੇਡ ਦਲਾਂ ਵਿਚ ਕੁਝ ਖਿਡਾਰੀਆਂ ਦੇ ਮਾਸਕ ਨਾ ਪਹਿਨੇ ਹੋਣ ਦਾ ਸਖਤ ਨੋਟਿਸ ਵੀ ਲਿਆ ਗਿਆ। ਟੋਕੀਓ ਦੇ ਨੈਸ਼ਨਲ ਸਟੇਡੀਅਮ ਵਿਚ ਹੋਏ ਉਦਘਾਟਨੀ ਮਾਰਚ ਪਾਸਟ ਮੌਕੇ ਖਿਡਾਰੀਆਂ, ਪ੍ਰਬੰਧਕ ਆਫੀਸ਼ੀਅਲਾਂ ਅਤੇ ਮਹਿਮਾਨਾਂ ਦੀ ਗਿਣਤੀ ਮਿੱਥੀ ਗਿਣਤੀ 1000 ਨਾਲੋ ਵੀ ਘੱਟ ਰਹੀ। ਭਾਰਤੀ ਖੇਡ ਦਲ ਦੀ ਅਗਵਾਈ ਪ੍ਰਸਿੱਧ ਹਾਕੀ ਖਿਡਾਰੀ ਅਤੇ ਟੀਮ ਕੈਪਟਨ ਮਨਪ੍ਰੀਤ ਸਿੰਘ ਅਤੇ ਵਿਸ਼ਵ ਜੇਤੂ ਮਹਿਲਾ ਮੁੱਕੇਬਾਜ ਮੈਰੀਕੋਮ ਨੇ ਤਿਰੰਗਾ ਝੰਡਾ ਲਹਿਰਾਅ ਕੇ ਕੀਤੀ।
ਆਸ ਦਾ ਦਿਨ ਹੈ-ਥਾਮਸ ਬਾਕ
ਟੋਕੀਓ ਉਲੰਪਿਕ ਦੇ ਉਦਘਾਟਨੀ ਸਮਾਰੋਹ ਦੇ ਮਹਿਮਾਨਾਂ ਵਿਚ ਇੰਟਰਨੈਸ਼ਨਲ ਉਲਪਿੰਕ ਕਮੇਟੀ ਪ੍ਰੈਜੀਡੈਂਟ ਥਾਮਸ ਬਾਕ, ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ , ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਮਹਾ ਨਿਰਦੇਸ਼ਕ ਟੀ ਏ ਗੈਬਰੇਸਸ ਉਚੇਚੇ ਤੌਰ ‘ਤੇ ਸ਼ਾਮਲ ਸਨ। ਬਾਕ ਨੇ ਆਖਿਆ ਕਿ ਇਹ ਉਸ ਨਾਲੋਂ ਬਹੁਤ ਕੁਝ ਬਦਲਵਾਂ ਹੈ ਜੋ ਅਸੀ ਤਸੱਵਰ ਕੀਤਾ ਸੀ, ਫਿਰ ਵੀ ਅੱਜ ਉਮੀਦ ਦਾ ਦਿਨ ਹੈ।
206 ਦੇਸ਼, 33 ਖੇਡ ਵੰਨਗੀਆਂ ਅਤੇ 339 ਗੋਲਡ ਮੈਡਲ
16 ਦਿਨ ਚੱਲਣ ਵਾਲੇ ਇਸ ਖੇਡ ਉਤਸਵ ਵਿਚ 33 ਖੇਡ ਵੰਨਗੀਆਂ ਵਿਚ ਨਿਰਧਾਰਤ 339 ਗੋਲਡ ਮੈਡਲ ਰੱਖੇ ਗਏ ਹਨ ਜਿਸ ਲਈ 206 ਦੇਸ਼ਾਂ ਦੇ ਲਗਭਗ 11 ਹਜਾਰ ਖਿਡਾਰੀ ਪਸੀਨਾ ਵਹਾਉਣਗੇ। ਇਹ ਖੇਡ ਉਤਸਵ ਜਿਸ ਲਈ ਜਪਨੀਆਂ ਨੂੰ ਮਹਾਮਾਰੀ ਪ੍ਰਭਾਵ ਕਰਕੇ ਮਿੱਥੇ ਖਰਚ ਨਾਲੋਂ 2.6 ਬਿਲੀਅਨ ਡਾਲਰ ਦੀ ਵਾਧੂ ਕੀਮਤ ਤਾਰਨੀ ਪਈ ਹੈ। ਕੋਵਿਡ ਮਹਾਮਾਰੀ ਦੌਰਾਨ ਭਾਵੇ ਇਨਹਾਂ ਖੇਡਾਂ ਨੂੰ ਲੈ ਕੇ ਜਪਾਨ ਦੇ ਲੋਕਾਂ ਵਿਚ ਵਿਰੋਧ ਵੀ ਉੱਠਦਾ ਰਿਹਾ ਪਰ ਉਦਘਾਟਨੀ ਸ਼ਾਮ ਹੰਦਿਆਂ ਹੀ ਜਪਾਨੀ ਲੋਕ ਅਸਮਾਨ ਵਿਚ ਜੰਗੀ ਜਹਾਜਾਂ ਦੇ ਕਰਤਵ ਦੇਖਣ ਲਈ ਰਾਜਧਾਨੀ ਦੀਆਂ ਪਾਰਕਾਂ ਵਿਚ ਇਕੱਤਰ ਹੁੰਦੇ ਦੇਖੇ ਗਏ। ਟੋਕੀਓ ਉਲੰਪਿਕ ਵਿਚ ਅੰਤਰਾਸ਼ਟਰੀ ਦਰਸ਼ਕਾਂ ਦੇ ਨਾਲ ਨਾਲ ਜਪਾਨ ਦੇ ਘਰੇਲੂ ਦਰਸ਼ਕਾਂ ਦੇ ਦਾਖਲੇ ‘ਤੇ ਵੀ ਪਾਬੰਦੀ ਹੈ।
5 ਸਾਲਾਂ ਦੀ ਮਿਹਨਤ ਨੂੰ ਬੂਰ ਪਵੇਗਾ
ਸ਼ਾਇਦ ਇਹ ਖੇਡਾਂ ਇਸ ਪੱਖ ਤੋਂ ਵੀ ਵਿਲੱਖਣ ਹੋਣਗੀਆਂ ਕਿ ਇਨ੍ਹਾਂ ਖੇਡਾਂ ਵਿਚ ਆਪਣੇ ਆਪਣੇ ਦੇਸ਼ ਲਈ ਮੈਡਲ ਜਿੱਤਣ ਦਾ ਸੁਫਨਾ ਸਜਾਉਣ ਵਾਲੇ ਖਿਡਾਰੀਆਂ ਨੂੰ 5 ਸਾਲ ਸਖਤ ਅਭਿਆਸ ਕਰਨਾ ਪਿਆ। ਟੋਕੀਓ ਖੇਡਾਂ ਨੂੰ ਪੀੜ੍ਹੀ ਦੇ ਬਦਲਾਓ ਵਜੋਂ ਵੀ ਦੇਖਿਆ ਜਾ ਰਿਹਾ ਹੈ ਇਨ੍ਹਾਂ ਖੇਡਾਂ ਵਿਚ ਖਿਡਾਰੀਆਂ ਅੱਗੇ ਬੀਤੇ ਦਹਾਕੇ ਵਿਚ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਕੇ ਤਹਿਲਕਾ ਮਚਾਉਣ ਅਤੇ ਨਵੇਂ ਰਿਕਾਰਡ ਪੈਦਾ ਕਰਨ ਵਾਲੇ ਸਾਬਕਾ ਖਿਡਾਰੀਆਂ ਮਹਾਨ ਦੌੜਾਕ ਉਸੈਨ ਬੋਲਟ ਅਤੇ ਮਹਾਨ ਤੈਰਾਕ ਮਾਈਕਲ ਫੈਲਪਸ ਦੇ ਰਿਕਾਰਡਾਂ ਦੀ ਬਰਾਬਰੀ ਕਰਨਾ ਜਾਂ ਉਸ ਤੋਂ ਵੀ ਪਾਰ ਪਾਉਣ ਦਾ ਕ੍ਰਿਸ਼ਮਾ ਕਰਨ ਦੀ ਵੱਡੀ ਚੁਣੌਤੀ ਰਹੇਗੀ। ਉਕਤ ਮਹਾਨ ਖਿਡਾਰੀਆਂ ਵਾਂਗ ਹੀ ਹੁਣ ਜਿਨਹਾਂ ਖਿਡਾਰੀਆਂ ‘ਤੇ ਦਰਸ਼ਕਾਂ ਦੀਆਂ ਨਜਰਾਂ ਟਿਕੀਆਂ ਰਹਿਣਗੀਆਂ ਉਹ ਹਨ ਅਮਰੀਕੀ ਤੈਰਾਕ ਸਾਇਲਬ ਡ੍ਰੈਸਲ, ਅਮਰੀਕੀ ਖਿਡਾਰੀ ਸਿਡਨੀ ਮੈਕਲੋਗਿਨ ਅਤੇ 400 ਮੀਟਰ ਹਰਡਲ ਲਈ ਨਾਰਵੇ ਦਾ ਖਿਡਾਰੀ ਕ੍ਰਸਟੇਨ ਵਾਰਹੋਮ । ਰੀਓ ਉਲੰਪਿਕ ਵਿਚ 4 ਗੋਲਡ ਮੈਡਲਾਂ ਦੀ ਜੇਤੂ ਪ੍ਰਸਿੱਧ ਜਿਮਾਨਸਟ ਸਿਮੋਨ ਬਾਇਲਸ ਦੇ ਮਹਾਨ ਜਿਮਨਾਸਟ ਲਰੀਸਾ ਲੇਟੀਨੀਨਾ ਦੇ 9 ਉਲੰਪਿਕ ਗੋਲਡ ਜਿੱਤ ਕੇ ਬਰਾਬਰੀ ਕਰਨ ਦਾ ਦਬਾਅ ਰਹੇਗਾ।
ਕੋਵਿਡ ਦਾ ਖਤਰਾ ਵੀ ਹੈ ਬਰਕਰਾਰ
ਟੋਕੀਓ ਸ਼ਹਿਰ ਵਿਚ ਆਏ ਦਿਨ ਕਰੋਨਾ ਇਨਫੈਕਸ਼ਨ ਦੇ 2 ਹਜਾਰ ਕੇਸ ਆਉਣਾ ਵੀ ਚਿੰਤਾ ਦਾ ਵਿਸ਼ਾ ਹੈ। ਕਈ ਖਿਡਾਰੀ ਵੀ ਕਰੋਨਾ ਪਾਜੇਟਿਵ ਪਾਏ ਗਏ ਹਨ ਜਿਨਹਾਂ ਨੂੰ ਮੁਕਾਬਲੇ ਵਿਚ ਭਾਗ ਲੈਣ ਤੋਂ ਰੋਕ ਦਿੱਤਾ ਹੈ। ਜਪਾਨ ਕੋਲ ਏਨੇ ਵੱਡੇ ਪੱਧਰ ‘ਤੇ ਖਿਡਾਰੀਆਂ ਦੇ ਕਰੋਨਾ ਟੈਸਟ ਲਈ ਮੈਡੀਕਲ ਜਾਂਚ ਕਿੱਟਾਂ ਦੀ ਵੀ ਕਮੀ ਹੈ। ਜਪਾਨ ਨੂੰ ਖਦਸ਼ਾ ਵੀ ਹੈ ਕਿ ਕਿਤੇ 11 ਹਜਾਰ ਖਿਡਾਰੀਆਂ ਦਾ ਇਕੱਠ ਕਰੋਨਾ ਸੁਪਰ ਸਪਰੈਡਰ ਨਾ ਬਣ ਜਾਵੇ।
ਦੇਸ਼ ਦੀ ਸਿਆਸਤ ਅਨੁਸਾਰ ਵੀ ਚਲਦੇ ਨੇ ਖਿਡਾਰੀ
ਉਲੰਪਿਕਸ ਬੀਤੇ ਸਮੇਂ ਵਿਚ ਆਪਸ ਵਿਚ ਵਿਰੋਧੀ ਦੇਸ਼ਾਂ ਦੇ ਖਿਡਾਰੀਆਂ ਦੇ ਅਨੋਖੇ ਪ੍ਰਗਟਾਵੇ ਦਾ ਸਬੱਬ ਬਣਦੀ ਰਹੀ ਹੈ। ਹੁਣ ਅਲਜੀਰੀਆ ਦੇ ਜੁਡੋ ਖਿਡਾਰੀ ਫੇਥੀ ਨੌਰੀਨ ਨੇ ਉਲੰਪਿਕ ਮੁਕਾਬਲੇ ਤੋਂ ਇਸ ਕਰਕੇ ਆਪਣਾ ਨਾ ਵਾਪਸ ਲੈ ਲਿਆ ਕਿ ਉਸਨੂੰ ਦੂਜੇ ਗੇੜ ਵਿਚ ਇਜ਼ਰਾਈਲ ਦੇ ਖਿਡਾਰੀ ਨਾਲ ਭਿੜਨਾ ਪਵੇਗਾ। ਅਲਜੀਰੀਆ ਸਿਆਸੀ ਤੌਰ ‘ਤੇ ਫਲਸਤੀਨ ਦੀ ਹਮਾਇਤ ਕਰਦਾ ਹੈ। ਨੌਰੀਨ ਨੇ ਸੋਮਵਾਰ ਨੂੰ ਪਹਿਲੇ ਗੇੜ ਵਿਚ ਸੁਡਾਨੀ ਜੁਡੋਕਾ ਮੁਹੰਮਦ ਅਬਦੁਲ ਰਸੂਲ ਨਾਲ ਭਿੜਨਾ ਸੀ ਅਤੇ ਜਿੱਤਣ ਉਪਰੰਤ ਅਗਲੇ ਮੁਕਾਬਲੇ ਵਿਚ ਇਜ਼ਰਾਇਲੀ ਜੁਡੋ ਖਿਡਾਰੀ ਤੋਹਾਰ ਬੁਤਬੁਲ ਨਾਲ ਭਿੜਨਾ ਸੀ।