ਅੰਮ੍ਰਿਤਸਰ- ਸੂਬੇ ਵਿੱਚ ਪਹਿਲਾਂ ਵਿਰੋਧੀ ਧਿਰ ਅਤੇ ਆਮ ਲੋਕ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਇਨਸਾਫ਼ ਦੀ ਮੰਗ ਕਰਦੇ ਸਨ। ਹੁਣ ਜਦੋਂ ਸੱਤਾਧਾਰੀ ਪਾਰਟੀ ਦਾ ਹੀ ਇਕ ਆਗੂ ਖ਼ੁਦ ਆਪਣੀ ਪਾਰਟੀ ਤੋਂ ਇਨਸਾਫ਼ ਦੀ ਗੁਹਾਰ ਲੱਗਾ ਰਿਹਾ ਹੋਵੇ ਤਾਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕੀ ਹੋਵੇਗੀ, ਸ਼ਾਇਦ ਇਸ ਬਾਰੇ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ। ਅਜਿਹਾ ਇਕ ਮਾਮਲਾ ਵੱਲਾ ਇਲਾਕੇ ’ਚ ਉਦੋਂ ਵੇਖਣ ਨੂੰ ਮਿਲਿਆ, ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਇੱਕ ਆਗੂ ਇਨਸਾਫ਼ ਲੈਣ ਲਈ ਪਾਣੀ ਦੀ ਟੈਂਕੀ ‘ਤੇ ਚੜ੍ਹਨ ਲਈ ਮਜਬੂਰ ਹੋ ਗਿਆ। ਪਾਣੀ ਦੀ ਟੈਂਕੀ ‘ਤੇ ਚੜ੍ਹਨ ਵਾਲੇ ‘ਆਪ’ ਆਗੂ ਦੀ ਪਛਾਣ ਧਰਮਿੰਦਰ ਵਜੋਂ ਹੋਈ ਹੈ।
ਇਸ ਸਬੰਧੀ ਮੀਆਂਪੁਰ ਦੇ ਪੰਚਾਇਤ ਮੈਂਬਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਧਰਮਿੰਦਰ ਨੇ ਪਿਛਲੇ ਦਿਨੀਂ ਪੰਚਾਇਤ ’ਚ ਚੱਲ ਰਹੇ ਕੰਮਾਂ ਦੀ ਜਾਣਕਾਰੀ ਲੈਣ ਲਈ ਆਰ.ਟੀ.ਆਈ. ਪਾਈ ਸੀ। ਉਸ ਤੋਂ ਬਾਅਦ ਹੀ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਪਿਛਲੇ ਮਹੀਨੇ ਦੀ 30 ਤਰੀਖ਼ ਨੂੰ ਉਸ ਦੇ ਵਿਰੋਧੀਆਂ ਨੇ ਉਸ ‘ਤੇ ਹਮਲਾ ਕਰ ਕੇ ਉਸ ਦੀ ਕੁੱਟਮਾਰ ਕੀਤੀ ਸੀ। ਇਸ ਦੌਰਾਨ ਵੱਡੀ ਗੱਲ ਇਹ ਸੀ ਕਿ ਵਿਰੋਧੀਆਂ ਨੇ ਉਸ ਹਮਲੇ ਕਰਦੇ ਹੋਏ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਸੀ, ਜਿਸ ਕਾਰਨ ਉਹ ਬਹੁਤ ਦੁਖੀ ਸੀ।
‘ਆਪ’ ਆਗੂ ਨੇ ਇਨਸਾਫ ਲਈ ਸਬੰਧਤ ਥਾਣੇ ’ਚ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ। ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਿਆ। ਇਸੇ ਕਰਕੇ ਅੱਜ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਟੈਂਕੀ ’ਤੇ ਚੜ੍ਹ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੰਡਿਆਲਾ ਗੁਰੂ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਲਈ ਲਗਾਤਾਰ ਉਸ ਨਾਲ ਸੰਪਰਕ ਕਰ ਰਹੀ ਹੈ।
ਇੱਥੇ ਸਵਾਲ ਇਹ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੱਡੇ ਮਗਰਮੱਛਾਂ ‘ਤੇ ਨਕੇਲ ਕੱਸ ਰਹੀ ਹੈ, ਉਥੇ ਦੂਜੇ ਪਾਸੇ ਪਾਰਟੀ ਦੇ ਵਰਕਰ ਅਤੇ ਆਗੂ ਇਨਸਾਫ਼ ਲੈਣ ਲਈ ਥਾਣਿਆਂ ਦੇ ਚੱਕਰ ਕੱਟਣ ਅਤੇ ਅਜਿਹੇ ਵੱਡੇ ਕਦਮ ਚੁੱਕਣ ਲਈ ਮਜਬੂਰ ਹੋ ਰਹੇ ਹਨ।