ਤਪਾ ਮੰਡੀ, 27 ਮਈ – ਐੱਸ.ਐੱਸ.ਪੀ. ਬਰਨਾਲਾ ਸੰਦੀਪ ਮਲਿਕ ਦੇ ਨਿਰਦੇਸ਼ਾਂ ’ਤੇ ਤਪਾ ਪੁਲਸ ਨੇ ਸੁਰੱਖਿਆ ਬਲਾਂ ਦੇ ਸਹਿਯੋਗ ਰੇਲਵੇ ਸਟੇਸ਼ਨ ਦੀ ਡੂੰਘਾਈ ਨਾਲ ਵਿਸ਼ੇਸ਼ ਚੈਕਿੰਗ ਕੀਤੀ ਗਈ। ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ ਸੰਧੂ ਅਤੇ ਥਾਣਾ ਮੁੱਖੀ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਉਪ ਚੋਣ ਅਤੇ ਘੱਲੂਘਾਰਾ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਇਹ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਲਾਕੇ ’ਚ ਸ਼ਾਂਤੀ ਬਣੀ ਰਹੇ। ਇਸ ਮੌਕੇ ਉਨ੍ਹਾਂ ਰੇਲਵੇ ਸਟੇਸ਼ਨ ’ਤੇ ਬੈਠੀਆਂ ਸਵਾਰੀਆਂ ਦੇ ਬੈਗ ਖੁਲ੍ਹਵਾਕੇ ਦੇਖੇ ਅਤੇ ਉਨ੍ਹਾਂ ਤੋਂ ਸਾਰਾ ਪਤਾ ਕੀਤਾ ਕਿ ਕਿੱਥੇ ਜਾਣਾ ਹੈ ਅਤੇ ਕਿਥੋਂ ਆਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਇਹ ਚੈਕਿੰਗ ਸਵੇਰੇ 11 ਵਜੇ ਤੋਂ ਲੈਕੇ ਰਾਤ 9 ਵਜੇ ਤੱਕ ਯਾਤਰੀ ਗੱਡੀਆਂ ਦੇ ਨਾਲ-ਨਾਲ ਸ਼ਹਿਰ ’ਚ ਵੀ ਜਨਤਕ ਥਾਵਾਂ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜੇ ਕੋਈ ਵੀ ਲਾਵਾਰਿਸ ਪਿਆ ਬੈਗ ਨਜ਼ਰ ਆਉਂਦਾ ਹੈ, ਉਸ ਨੂੰ ਹੱਥ ਲਾਉਣ ਦੀ ਬਜਾਏ ਪੁਲਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਦੁਕਾਨ ਤੋਂ ਬਾਹਰ ਰੱਖਿਆ ਸਮਾਨ ਦੁਕਾਨ ਦੇ ਅੰਦਰ ਹੀ ਰੱਖਣ ਕਿਉਂਕਿ ਇਸ ਨਾਲ ਟਰੈਫਿਕ ’ਚ ਵਿਘਨ ਪੈਂਦਾ ਹੈ।