ਸੰਤ ਸੀਚੇਵਾਲ ਨੂੰ ਬੋਲੇ CM ਮਾਨ, ਵਾਤਾਵਰਣ ਸੁਧਾਰਨ ਲਈ ਤੁਸੀਂ ਦਿਓ ਸੁਝਾਅ, ਅਸੀਂ ਕਰਾਂਗੇ ਲਾਗੂ

mann/nawanpunjab.com

ਜਲੰਧਰ/ਸੀਚੇਵਾਲ, 27 ਮਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਵਿਖੇ ਸੀਚੇਵਾਲ ’ਚ ਸੰਤ ਬਾਬਾ ਅਵਤਾਰ ਸਿੰਘ ਦੀ 34ਵੀਂ ਬਰਸੀ ਮੌਕੇ ਸ਼ਿਰਕਤ ਕਰਨ ਪੁੱਜੇ। ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਭਗੰਵਤ ਮਾਨ ਨੇ ਲੋਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਇੰਨੀ ਗਰਮੀ ’ਚ ਵੀ ਲੋਕ ਇਥੇ ਵੱਡੀ ਗਿਣਤੀ ’ਚ ਮੌਜੂਦ ਹੋਏ ਹਨ। ਉਨ੍ਹਾਂ ਕਿਹਾ ਕਿ ਇਥੇ ਆ ਕੇ ਬੇਹੱਦ ਖ਼ੁਸ਼ੀ ਹੋਈ ਹੈ। ਇਥੇ ਵਾਤਾਵਰਣ ਪ੍ਰੇਮੀ ਲੋਕ ਰਹਿੰਦੇ ਹਨ, ਕਿਉਂਕਿ ਇਥੇ ਕੁਦਰਤ ਨੂੰ ਬਚਾਇਆ ਗਿਆ ਹੈ।
ਇਥੇ ਪਾਣੀ ਨੂੰ ਪਿਤਾ ਦਾ ਦਰਜਾ, ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਝੋਨੇ ਤੋਂ ਬਦਲਵੀਆਂ ਫਸਲਾਂ ਵੀ ਕਿਸਾਨਾਂ ਨੂੰ ਦੇਈਏ ਅਤੇ ਐੱਮ. ਐੱਸ. ਪੀ. ਵੀ ਦੇਈਏ। ਅਸੀਂ ਮੂੰਗੀ ਦੀ ਸ਼ੁਰੂਆਤ ਕੀਤੀ ਹੈ ਅਗਲੀ ਵਾਰ ਬਾਜਰਾ, ਮੱਕੀ, ਸੂਰਜਮੁਖੀ, ਦਾਲਾਂ ਅਤੇ ਸਰ੍ਹੋਂ ਵੀ ਚੱਕਾਂਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ 20 ਲੱਖ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ। ਇਸ ਮੌਕੇ ਸੰਤ ਸੀਚੇਵਾਲ ਨੂੰ ਬੋਲਦਿਆਂ ਕਿਹਾ ਕਿ ਵਾਤਾਵਰਣ ਨੂੰ ਸੁਧਾਰਨ ਲਈ ਤੁਸੀਂ ਸਾਨੂੰ ਸੁਝਾਅ ਦਿਓ ਅਤੇ ਉਨ੍ਹਾਂ ਨੂੰ ਲਾਗੂ ਜ਼ਰੂਰ ਕਰਾਂਗੇ।

ਪਿਛਲੀਆਂ ਸਰਕਾਰਾਂ ’ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਸਮੈਕੀਆ, ਬਲੈਕੀਆ ਦਾ ਬਣਾ ਕੇ ਰੱਖ ਦਿੱਤਾ ਹੈ ਪਰ ਅਸੀਂ ਪੰਜਾਬ ਨੂੰ ਦੋਬਾਰਾ ਰੰਗਲਾ ਬਣਾਉਣਾ ਹੈ। ਪੰਜਾਬ ਨੂੰ ਕੋਈ ਕੈਲੀਫੋਨੀਆ, ਲੰਡਨ ਬਣਾਉਣ ਦੀ ਲੋੜ ਨਹੀਂ ਹੈ। ਸਾਡੇ ਕੋਲ ਅਜਿਹਾ ਖਜਾਨਾ ਪਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਪੰਕਤੀ ’ਤੇ ਵੀ ਜੇਕਰ ਗੌਰ ਕਰ ਲਈਏ ਤਾਂ ਸੁਧਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੱਟੜੀ ’ਤੇ ਚੜ੍ਹੇਗੀ ਗੱਡੀ, ਮੇਰੇ ’ਤੇ ਯਕੀਨ ਰੱਖੀਓ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਪੰਜਾਬੀ ਇਥੇ ਹੀ ਰਹਿਣਗੇ। ਪੰਜਾਬ ਦੀ ਪਾਣੀ, ਹਵਾ ਅਤੇ ਮਿੱਟੀ ਨੂੰ ਬਚਾਓ। ਇਥੇ ਧਰਤੀ ’ਤੇ ਰੌਣਕ ਆਵੇਗੀ ਅਤੇ ਗਿੱਦੇ ਪੈਣਗੇ। ਦੇਸ਼ ਲਈ ਅਤੇ ਪੰਜਾਬ ਲਈ ਜਾਨ ਵੀ ਹਾਜ਼ਰ ਹੈ।

Leave a Reply

Your email address will not be published. Required fields are marked *