ਚੰਡੀਗਡ਼੍ਹ, 22 ਅਪ੍ਰੈਲ (ਬਿਊਰੋ)- ਪੰਜਾਬ ਸਰਕਾਰ ਨੇ ਸੂਬੇ ਦੇ 184 ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ’ਚ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਕੁਝ ਹੋਰ ਹਸਤੀਆਂ ਵੀ ਸ਼ਾਮਲ ਹਨ। ਇਸ ਸਬੰਧੀ ਆਦੇਸ਼ ਏਡੀਜੀਪੀ ਸੁਰੱਖਿਆ ਨੇ ਜਾਰੀ ਕੀਤੇ ਹਨ। ਏਡੀਜੀਪੀ ਵੱਲੋਂ ਜਾਰੀ ਹੁਕਮਾਂ ’ਚ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਨੂੰ ਅਦਾਲਤੀ ਹੁਕਮਾਂ ਤਹਿਤ ਸੁਰੱਖਿਆ ਮਿਲੀ ਹੈ, ਉਨ੍ਹਾਂ ਦੀ ਸੁਰੱਖਿਆ ਵਾਪਸ ਨਹੀਂ ਲਈ ਜਾਵੇਗੀ।
ਜਿਨ੍ਹਾਂ ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ’ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖਡ਼ਾ, ਸੁੱਚਾ ਸਿੰਘ ਛੋਟੇਪੁਰ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਗੁਲਜ਼ਾਰ ਸਿੰਘ ਰਣੀਕੇ, ਤੋਤਾ ਸਿੰਘ ਤੇ ਸੰਤੋਸ਼ ਚੌਧਰੀ ਸ਼ਾਮਲ ਹਨ। ਕਈ ਸਾਬਕਾ ਵਿਧਾਇਕਾਂ ਦੀ ਵੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ’ਚ ਸੁਰਿੰਦਰ ਪਾਲ ਸਿੰਘ ਸੀਬੀਆ, ਵਿਰਸਾ ਸਿੰਘ ਵਲਟੋਹਾ, ਰਣਜੀਤ ਸਿੰਘ ਤਲਵੰਡੀ, ਮੋਹਿੰਦਰ ਸਿੰਘ ਰਿਣਵਾ, ਅਜੀਤ ਸਿੰਘ ਮੋਫਰ, ਕੇਡੀ ਭੰਡਾਰੀ, ਸੀਮਾ ਦੇਵੀ ਆਦਿ ਸ਼ਾਮਲ ਹਨ।