ਚੰਡੀਗੜ੍ਹ ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੌਮੀ ਸਾਹਿਬ ਮੋਰਚੇ ਦੇ ਵੱਲੋਂ ਦਿੱਤੇ ਸੱਦੇ ਦੇ ਉੱਪਰ ਅੱਜ ਚੰਡੀਗੜ੍ਹ ਦੇ ਵਿੱਚ ਗੁਰਦੁਆਰਾ ਸ੍ਰੀ ਅਸਥਾਪਨ ਕਮੇਟੀ, ਸੈਕਟਰ 22 ਚੰਡੀਗੜ੍ਹ ਤੋਂ ਇੱਕ ਵਿਸ਼ਾਲ ਰੋਸ ਮਾਰਚ ਚੰਡੀਗੜ੍ਹ ਦੇ ਡੀਸੀ ਦਫਤਰ ਸੈਕਟਰ 17 ਵੱਲ ਕੱਢਿਆ ਗਿਆ। ਇਸ ਮੌਕੇ ਰਸਪਾਲ ਸਿੰਘ ਚੰਡੀਗੜ੍ਹ ਅਤੇ ਕਿਰਪਾਲ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲੰਮੇ ਸਮੇਂ ਤੋਂ ਬੰਦੀ ਸਿੰਘ ਨਜ਼ਰਬੰਦ ਹਨ। ਜੋ ਕਿ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਪਰ ਫਿਰ ਵੀ ਭਾਰਤ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਇਹਨਾਂ ਬੰਦੀ ਸਿੰਘਾਂ ਨੂੰ ਨਾ ਹੀ ਪੈਰੋਲ ਦਿੱਤੀ ਜਾ ਰਹੀ ਹੈ ਤੇ ਨਾ ਹੀ ਛੱਡਿਆ ਜਾ ਰਿਹਾ ਹੈ। ਜਦ ਕਿ ਰਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਤਮਿਲਨਾਡੂ ਸਰਕਾਰ ਵੱਲੋਂ ਛੱਡ ਦਿੱਤਾ ਗਿਆ ਹੈ ਇਸੇ ਤਰ੍ਹਾਂ ਹਾਲ ਹੀ ਮਾਲੇਗਾਂਵ ਵਿੱਚ ਬੰਬ ਧਮਾਕਿਆਂ ਚ ਸ਼ਾਮਿਲ ਪਰੱਗਿਆ ਠਾਕੁਰ ਅਤੇ ਉਸਦੇ ਬਾਕੀ ਸਾਥੀਆਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਹੈ। ਪਰ ਬੰਦੀ ਸਿੰਘ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਜੇਲ੍ਹਾਂ ਵਿੱਚ ਬੰਦ ਰੱਖਿਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ ਵਿੱਚ ਲਗਾਤਾਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਵੀ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਜੋ ਕਿ ਸਿੱਖ ਪੰਥ ਦੇ ਨਾਲ ਸ਼ਰੇਆਮ ਮਤਰੇਈ ਮਾਂ ਵਾਲਾ ਵਿਤਕਰਾ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾਂਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਇਹ ਪ੍ਰਦਰਸ਼ਨ ਕੀਤੇ ਜਾਂਦੇ ਰਹਿਣਗੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਦਾਰ ਰਸ਼ਪਾਲ ਸਿੰਘ ਚੰਡੀਗੜ੍ਹ ਅਤੇ ਕਿਰਪਾਲ ਸਿੰਘ ਨੇ ਕਿਹਾ ਕਿ ਜਿਹੜੇ ਪੁਲਿਸ ਅਧਿਕਾਰੀ ਸਾਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਹਮੇਸ਼ਾ ਰੋਕਦੇ ਹਨ ਅਤੇ ਇਹ ਗੱਲ ਕਹਿੰਦੇ ਹਨ ਕਿ ਤੁਸੀਂ ਰੋਸ ਪ੍ਰਦਰਸ਼ਨ ਕਰਨ ਦੇ ਲਈ ਪ੍ਰਸ਼ਾਸਨ ਕੋਲੋਂ ਕੋਈ ਆਗਿਆ ਨਹੀਂ ਲਈ ਤਾਂ ਉਹਨਾਂ ਕਿਹਾ ਕਿ ਪੁਲਿਸ ਸਾਨੂੰ ਜਵਾਬ ਦੇਵੇ ਕਿ ਜੇਕਰ ਅਸੀਂ ਉਹਨਾਂ ਕੋਲੋਂ ਰੋਜ਼ ਪ੍ਰਦਰਸ਼ਨ ਕੱਢਣ ਦੇ ਲਈ ਲਿਖਤੀ ਤੌਰ ਤੇ ਇਜਾਜ਼ਤ ਮੰਗੀ ਤਾਂ ਕੀ ਉਹ ਸਾਨੂੰ ਇਜਾਜਤ ਦੇ ਦੇਣਗੇ? ਆਗੂਆਂ ਨੇ ਇਹ ਵੀ ਕਿਹਾ ਕਿ ਹੱਕ ਮੰਗਿਆ ਨਹੀਂ ਮਿਲਦੇ ਸਗੋਂ ਖੋਹਣੇ ਪੈਂਦੇ ਹਨ। ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਹਮੇਸ਼ਾ ਦੂਜੇ ਦਰਜੇ ਦਾ ਨਾਗਰਿਕ ਸਾਬਤ ਕਰਨ ਦੇ ਵਿੱਚ ਲੱਗੀਆਂ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਸਾਨੂੰ ਆਪਣਾ ਰੋਸ਼ ਵੀ ਪ੍ਰਗਟ ਨਹੀਂ ਕਰਨ ਦਿੱਤਾ ਜਾਂਦਾ।ਇਸ ਮੌਕੇ ਯੂਨਾਈਟਿਡ ਅਕਾਲੀ ਦਲ ਤੋਂ ਸਰਦਾਰ ਰਸ਼ਪਾਲ ਸਿੰਘ ਚੰਡੀਗੜ੍ਹ, ਅਕਾਲੀ ਦਲ ਮਾਨ ਤੋਂ ਲਖਵਿੰਦਰ ਸਿੰਘ, ਲੋਕ ਭਲਾਈ ਸੇਵਕ ਸੰਸਥਾ ਚੰਡੀਗੜ੍ਹ ਗਿਆਨੀ ਬਲਵਿੰਦਰ ਸਿੰਘ ਖਾਲਸਾ, ਸਿੱਖ ਯੂਥ ਚੰਡੀਗੜ੍ਹ ਤੋ ਸਰਦਾਰ ਕਿਰਪਾਲ ਸਿੰਘ ਹਰਮਿੰਦਰ ਸਿੰਘ ਅਤੇ ਸੁਭਾਸ਼ ਸਿੰਘ,ਬਾਬਾ ਪ੍ਰਿਤਪਾਲ ਸਿੰਘ ਦੇ ਸਪੁੱਤਰ ਗੋਬਿੰਦ ਸਿੰਘ, ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਤੋਂ ਸਰਦਾਰ ਪਰਮਜੀਤ ਸਿੰਘ, ਮੱਖਣ ਸਿੰਘ, ਰੇਸ਼ਮ ਸਿੰਘ, ਪਰਮਿੰਦਰ ਸਿੰਘ ਮਲੋਆ, ਅਵਤਾਰ ਸਿੰਘ ਬੁੜੈਲ, ਬਲਦੇਵ ਸਿੰਘ ਬੁੜੈਲ, ਸੁੱਚਾ ਸਿੰਘ ਸਿੱਧੂ, ਬੀਬੀ ਰਜਿੰਦਰ ਕੌਰ, ਬੀਬੀ ਰਾਜਵੀਰ ਕੌਰ, ਇੰਦਰਜੀਤ ਸਿੰਘ ਹੈਪੀ, ਸਿੱਖ ਸਦਭਾਵਨਾ ਦਲ ਤੋਂ ਕੁਲਦੀਪ ਸਿੰਘ ਅਤੇ ਬਲਜੀਤ ਸਿੰਘ ਖਾਲਸਾ ਆਦਿ ਸ਼ਾਮਿਲ ਸਨ। ਰੋਸ ਪ੍ਰਦਰਸ਼ਨ ਨੂੰ ਖਤਮ ਕਰਨ ਤੋਂ ਪਹਿਲਾਂ ਸਰਦਾਰ ਰਸ਼ਪਾਲ ਸਿੰਘ ਚੰਡੀਗੜ੍ਹ ਅਤੇ ਕਿਰਪਾਲ ਸਿੰਘ ਨੇ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਵਾਲੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਅੱਗੋਂ ਵੀ ਇਸੇ ਤਰ੍ਹਾਂ ਵੱਧ ਚੜ ਕੇ ਰੋਸ ਪ੍ਰਦਰਸ਼ਨ ਵਿੱਚ ਸੰਗਤ ਆਪਣਾ ਸਹਿਯੋਗ ਦਿਨ ਦੀ ਰਹੇਗੀ ਉਹਨਾਂ ਗੁਰਦੁਆਰਾ ਸ੍ਰੀ ਅਸਥਾਪਨ ਕਮੇਟੀ ਸੈਕਟਰ 22 ਚੰਡੀਗੜ੍ਹ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ
