ਮੁੱਖ ਮੰਤਰੀ ਸਹਿਕਾਰੀ ਬੈਂਕਾਂ ਨੂੰ ਕਿਸਾਨਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨੇ ਬੰਦ ਕਰਨ ਦੀ ਹਦਾਇਤ ਦੇਣ’

chemma/nawanpunjab.com

ਚੰਡੀਗੜ੍ਹ, 21 ਅਪ੍ਰੈਲ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਿਆ ਕਿ ਉਹ ਸਹਿਕਾਰੀ ਬੈਂਕਾਂ ਨੂੰ ਹਦਾਇਤ ਦੇਣ ਕਿ ਉਹ ਉਨ੍ਹਾਂ ਕਿਸਾਨਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨੇ ਬੰਦ ਕਰੇ, ਜਿਨ੍ਹਾਂ ਨੇ ਮਾੜੇ ਵਿੱਤੀ ਹਾਲਾਤ ਕਾਰਨ ਆਪਣੇ ਕਰਜ਼ੇ ਨਹੀਂ ਉਤਾਰੇ ਕਿਉਂਕਿ ਜਿਣਸ ਦਾ ਜਿੱਥੇ ਇਸ ਵਾਰ ਝਾੜ ਘੱਟ ਗਿਆ ਹੈ, ਉੱਥੇ ਹੀ ਖੇਤੀਬਾੜੀ ਦੀ ਲਾਗਤ ਵੱਧ ਗਈ ਹੈ। ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਬਠਿੰਡਾ, ਮਾਨਸਾ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਪੰਜਾਬ ਖੇਤੀਬਾੜੀ ਵਿਕਾਬ ਬੈਂਕ ਤੋਂ ਲਏ ਕਰਜ਼ੇ ਮੋੜਨ ਵਿਚ ਫੇਲ੍ਹ ਹੋਏ ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਡਿਫਾਲਟ ਸੂਬੇ ਦੀ ਨਰਮਾ ਪੱਟੀ ਦੇ ਕਿਸਾਨ ਹਨ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੂੰ ਖੇਤੀਬਾੜੀ ਸੰਕਟ ਤੋਂ ਭਲੀਭਾਂਤ ਜਾਣੂੰ ਹਨ ਤੇ ਉਹ ਆਪ ਵੀ ਹਮੇਸ਼ਾ ਕਿਸਾਨਾਂ ਨਾਲ ਸਖ਼ਤੀ ਵਰਤਣ ਦਾ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰੀ ਵਾਰੰਟ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਸਾਨਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕਣਕ ਦਾ ਝਾੜ ਘੱਟਣ ’ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਡੀਜ਼ਲ ’ਤੇ ਵੈਟ ਘਟਾਉਣਾ ਚਾਹੀਦਾ ਹੈ ਕਿਉਂਕਿ ਇਕ ਮਹੀਨੇ ਵਿਚ ਇਸਦੀ ਕੀਮਤ ਵਿਚ ਚੋਖਾ ਵਾਧਾ ਹੋਇਆ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਕਰਜ਼ਾ ਘਟਾਉਣ ਲਈ ਹੋਰ ਸਕੀਮਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਡਾ. ਚੀਮਾ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਸੂਬੇ ਵਿਚ ਕਿਸਾਨਾਂ ਦੀ ਗ੍ਰਿਫ਼ਤਾਰੀ ’ਤੇ ਚੁੱਪ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਕਹੀ ਗੱਲ ਪੁਗਾਉਣੀ ਚਾਹੀਦੀ ਹੈ ਤੇ ਬਜਾਏ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਕੇ ਉਨ੍ਹਾਂ ਨੂੰ ਜ਼ਲੀਲ ਤੇ ਖਜੱਲ-ਖੁਆਰ ਕਰਨ ਤੇ ਉਨ੍ਹਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਪਹਿਲਾਂ ਵੀ ਮਾਰੂ ਅਸਰ ਪਿਆ ਹੈ ਤੇ ਬਠਿੰਡਾ ਤੇ ਮਾਨਸਾ ਦੇ ਕਿਸਾਨਾਂ ਨੇ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਰਜ਼ਾ ਵੱਧਣ ਦੇ ਡਰੋਂ ਖੁਦਕੁਸ਼ੀਆਂ ਕੀਤੀਆਂ ਹਨ।

Leave a Reply

Your email address will not be published. Required fields are marked *