ਬਠਿੰਡਾ : ਪੰਜਾਬ ਪੁਲਿਸ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੋਮਵਾਰ ਨੂੰ ਬਠਿੰਡਾ ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾ਼ਨ ਦੀ ਮਦਦ ਨਾਲ ਬਠਿੰਡਾ ਦੀ ਬੀੜ ਤਾਲਾਬ ਬਸਤੀ ਵਿੱਚ ਇਕ ਨਸ਼ਾ ਤਸਕਰ ਵੱਲੋਂ ਸਰਕਾਰੀ ਜ਼ਮੀਨ ‘ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਇਕ ਘਰ ਨੂੰ ਢਾਹ ਦਿੱਤਾ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਉਕਤ ਘਰ ਨਸ਼ਾ ਤਸਕਰ ਸੂਰਜ ਕੁਮਾਰ ਦਾ ਹੈ ,ਜਿਸ ਖ਼ਿਲਾਫ਼ ਨੌਂ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਪੰਜ ਐਨਡੀਪੀਐਸ ਅਤੇ ਤਿੰਨ ਆਬਕਾਰੀ ਐਕਟ ਦੇ ਮਾਮਲੇ ਹਨ। ਦੋਸ਼ੀ ਸੂਰਜ ਕੁਮਾਰ ਇਸ ਸਮੇਂ ਜੇਲ੍ਹ ਵਿੱਚ ਹੈ।
ਉਹ ਆਪਣੀ ਪਤਨੀ ਦੀ ਮਦਦ ਨਾਲ ਇਹ ਘਰ ਬਣਾ ਰਿਹਾ ਸੀ। ਉਕਤ ਘਰ ਨਸ਼ੇ ਵੇਚ ਕੇ ਕਮਾਏ ਪੈਸੇ ਨਾਲ ਬਣਾਇਆ ਜਾ ਰਿਹਾ ਸੀ। ਮਾਲ ਵਿਭਾਗ ਤੋਂ ਰਿਕਾਰਡ ਲੈਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਹੋਰ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਪਛਾਣ ਕਰ ਰਿਹਾ ਹੈ ਜੋ ਨਸ਼ੇ ਵੇਚ ਕੇ ਕਮਾਏ ਪੈਸੇ ਨਾਲ ਬਣਾਈਆਂ ਗਈਆਂ ਹਨ। ਐਸਪੀ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ।