ਸ਼੍ਰੀਨਗਰ, 25 ਫਰਵਰੀ (ਬਿਊਰੋ)- ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ। ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ੋਪੀਆ ਜ਼ਿਲ੍ਹੇ ਦੇ ਅਮਸ਼ੀਪੋਰਾ ਇਲਾਕੇ ‘ਚ ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੁਰੱਖਿਆ ਫ਼ੋਰਸਾਂ ਦੀਆਂ ਸਾਂਝੀਆਂ ਟੀਮਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਇਲਾਕੇ ‘ਚ ਅੱਤਵਾਦ ਰੋਕੂ ਮੁਹਿੰਮ ਸ਼ੁਰੂ ਕੀਤੀ। ਸਾਂਝੀਆਂ ਫ਼ੋਰਸਾਂ ਨੇ ਸ਼ੱਕੀ ਸਥਾਨ ਵੱਲ ਵਧਣਾ ਸ਼ੁਰੂ ਕੀਤਾ ਤਾਂ ਉੱਥੇ ਲੁੱਕੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ ਹਨ।
ਮ੍ਰਿਤਕ ਅੱਤਵਾਦੀਆਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਇਕ ਟਵੀਟ ‘ਚ ਕਿਹਾ,”ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਭਾਲ ਜਾਰੀ ਹੈ।” ਸ਼ੋਪੀਆਂ ਜ਼ਿਲ੍ਹੇ ‘ਚ ਪਿਛਲੇ 6 ਦਿਨਾਂ ‘ਚ ਇਹ ਦੂਜਾ ਮੁਕਾਬਲਾ ਹੈ। 19 ਫਰਵਰੀ ਨੂੰ ਚੇਰਮਾਰਗ ਜ਼ੈਨਾਪੋਰਾ ‘ਚ ਇਕ ਮੁਕਾਬਲੇ ‘ਚ 2 ਫ਼ੌਜੀ ਅਤੇ ਲਸ਼ਕਰ-ਏ-ਤੋਇਬਾ ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ ਸੀ।