ਚੰਡੀਗੜ੍ਹ, 25 ਫਰਵਰੀ (ਬਿਊਰੋ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ 1988 ਦੇ ਰੋਡ ਰੇਜ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ ਹੋਈ। ਨਵਜੋਤ ਸਿੰਘ ਸਿੱਧੂ ਨੇ ਮਾਮਲੇ ‘ਚ ਦਾਇਰ ਸਮੀਖਿਆ ਪਟੀਸ਼ਨ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਸਿੱਧੂ ਨੇ ਰੀਵਿਊ ਪਟੀਸ਼ਨ ਦੇ ਜਵਾਬ ‘ਚ ਕਿਹਾ ਹੈ ਕਿ ਰੀਵਿਊ ਪਟੀਸ਼ਨ ਵਿਚਾਰਨ ਯੋਗ ਨਹੀਂ ਹੈ ਤੇ ਇਹ ਘਟਨਾ 33 ਸਾਲ ਪਹਿਲਾਂ ਦੀ ਹੈ।
ਰੋਡ ਰੇਜ ਮਾਮਲਾ 27 ਦਸੰਬਰ 1988 ਦਾ ਹੈ। ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ‘ਚ ਕਾਰ ‘ਤੇ ਜਾਂਦੇ ਸਮੇਂ ਗੁਰਨਾਮ ਸਿੰਘ ਨਾਂ ਦੇ ਬਜ਼ੁਰਗ ਨਾਲ ਟੱਕਰ ਮਾਰ ਦਿੱਤੀ ਸੀ। ਗੁੱਸੇ ‘ਚ ਆਏ ਨਵਜੋਤ ਸਿੱਧੂ ਨੇ ਉਸ ਨੂੰ ਮੁੱਕਾ ਮਾਰ ਦਿੱਤਾ, ਜਿਸ ਤੋਂ ਬਾਅਦ ਗੁਰਨਾਮ ਸਿੰਘ ਦੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ। ਹੇਠਲੀ ਅਦਾਲਤ ਨੇ 1999 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ, ਪਰ ਪੀੜਤ ਧਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਈ ਸੀ।
ਸਜ਼ਾ ਕਾਰਨ ਛੱਡ ਦਿੱਤੀ ਸੀ ਸੰਸਦੀ ਸੀਟ
2006 ਵਿੱਚ ਜਦੋਂ ਹਾਈਕੋਰਟ ਨੇ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਤਾਂ ਉਹ ਭਾਜਪਾ ‘ਚ ਸਨ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੂੰ ਦੁਬਾਰਾ ਚੋਣ ਲੜਨੀ ਪਈ ਤੇ ਉਹ ਫਿਰ ਜਿੱਤ ਗਏ।