ਮੋਹਾਲੀ – ਮੁੱਲਾਂਪੁਰ ਵਿਖੇ ਸਥਿਤ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਪੰਡਾਲ ‘ਚ ਅਚਾਨਕ ਉਸ ਵੇਲੇ ਖਲਬਲੀ ਮਚ ਗਈ, ਜਦੋਂ ਕੁੱਝ ਲੋਕਾਂ ਨੇ ਅੱਗੇ ਆ ਕੇ ਬੈਠਣ ਲਈ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਬਕਾਇਦਾ ਕਾਰਡ ਭੇਜ ਕੇ ਬੁਲਾਇਆ ਗਿਆ ਹੈ ਪਰ ਉਨ੍ਹਾਂ ਨੂੰ ਬੈਠਣ ਲਈ ਪਿੱਛੇ ਜਗ੍ਹਾ ਦਿੱਤੀ ਗਈ ਹੈ, ਜਦੋਂ ਕਿ ਉਨ੍ਹਾਂ ਕੋਲ ਜੋ ਕਾਰਡ ਹਨ, ਉਨ੍ਹਾਂ ਅਨੁਸਾਰ ਉਹ ਵੀ. ਆਈ. ਪੀ. ਕੈਟਾਗਰੀ ‘ਚ ਆਉਂਦੇ ਹਨ।
ਉਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਅੱਗੇ ਆ ਕੇ ਬੈਠਣ ਦਿੱਤਾ ਜਾਵੇ ਪਰ ਅੱਗੇ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਕਰਕੇ ਉਹ ਅੱਗੇ ਨਹੀਂ ਜਾ ਸਕੇ। ਇਸ ਤੋਂ ਗੁੱਸੇ ‘ਚ ਆ ਕੇ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਰੀ ਪੁਲਸ ਬਲ ਪੰਡਾਲ ‘ਚ ਹੀ ਮੌਜੂਦ ਸੀ। ਸਾਰੀ ਫੋਰਸ ਇਕਦਮ ਉੱਥੇ ਇਕੱਠੀ ਹੋ ਗਈ ਅਤੇ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ।