ਮੋਰਿੰਡਾ, 30 ਜੂਨ (ਦਲਜੀਤ ਸਿੰਘ)- ਪਿਛਲੇ ਦਿਨੀ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਨੂੰ ਪੰਥਕ ਤੇ ਪਵਿੱਤਰ ਦੱਸਣ ਦੇ ਬਹਾਨੇ ਸਮੁਚੇ ਦਲਿਤ ਪਛੜੇ ਬਹੁਜਨ ਸਮਾਜ ਨੂੰ ਅਪਵਿੱਤਰ ਤੇ ਗੈਰ ਪੰਥਕ ਗਰਦਾਨ ਦਿੱਤਾ ਜੋ ਕਿ ਦਲਿਤਾਂ ਪਛੜਿਆ ਨੂੰ ਮੁੜਕੇ ਅਪਵਿੱਤਰਤਾ ਦੇ ਕਾਲੇ ਦੌਰ ਵਿੱਚ ਧੱਕਣ ਦੀ ਕਾਂਗਰਸ ਤੇ ਭਾਜਪਾ ਦੀ ਗੰਦੀ ਸਿਆਸਤ ਦਾ ਮੁਜਾਹਰਾ ਹੈ ਜਿਸਦਾ ਡਟਕੇ ਮੁਕਾਬਲਾ ਬਹੁਜਨ ਸਮਾਜ ਪਾਰਟੀ ਕਰੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪੂਰਾ ਬਹੁਜਨ ਸਮਾਜ ਇਸ ਗੱਲ ਦਾ ਜਵਾਬ ਕਾਂਗਰਸ ਤੇ ਭਾਜਪਾ ਤੋਂ ਮੰਗ ਰਿਹਾ ਹੈ ਕਿ ਜਿਸ ਦਲਿਤ ਸਮਾਜ ਦੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਨੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਚਾਂਦਨੀ ਚੌਕ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਲਿਆਂਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤ ਸਮਾਜ ਨੂੰ (ਬਾਬਾ ਜੀਵਨ ਸਿੰਘ ਜੀ) ਗਲ ਨਾਲ ਲਗਾਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿਤਾ ਅਤੇ ਦਸ਼ਮੇਸ਼ ਪਿਤਾ ਨੇ ਦਲਿਤ ਸਮਾਜ ਨੂੰ ਪਾਤਸ਼ਾਹੀ ਦੇਣ ਦਾ ਸੰਕਲਪ ਦਲਿਤ ਦੇ ਸੀਸ ਤੇ ਕਲਗੀ ਲਗਾਕੇ ਲਿਆ।
ਗੜ੍ਹੀ ਨੇ ਕਿਹਾ ਕਿ ਲੇਕਿਨ ਕਾਂਗਰਸ ਤੇ ਭਾਜਪਾ ਨੇ ਆਪਣੇ ਲੀਡਰਾਂ ਦੀ ਪਿੱਠ ਪੂਰੀ ਅਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਜਿਸਦੇ ਰੋਸ ਵਜੋਂ ਅੱਜ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢੀ ਗਈ ਹੈ। ਜਿਸ ਵਿੱਚ ਹਜ਼ਾਰਾਂ ਮੋਟਰਸਾਈਕਲ ਤੇ ਨੀਲੇ ਝੰਡੇ ਲਗਾਕੇ ਹਜ਼ਾਰਾਂ ਨੌਜਵਾਨ ਕਾਂਗਰਸ ਭਾਜਪਾ ਦੇ ਅਕਾਸ਼ੀ ਗੂੰਜਦੇ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਹ ਯਾਤਰਾ ਵੱਖ ਵੱਖ ਪਿੰਡਾਂ ਵਿਚੋਂ ਹੁੰਦੀ ਹੋਈ 4 ਘੰਟੇ ਦੀ ਲਗਾਤਾਰ ਕਹਿਰ ਦੀ ਧੁੱਪ ਤੇ ਗਰਮੀ ਵਿਚ ਸ਼੍ਰੀ ਚਮਕੌਰ ਸਾਹਿਬ ਵਿਖੇ ਖਤਮ ਹੋਈ।
ਇਸ ਮੌਕੇ ਸੂਬਾ ਉੱਪ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ, ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ ਨਨਹੇਰੀਆਂ, ਜ਼ਿਲਾ ਪ੍ਰਧਾਨ ਮਾਸਟਰ ਰਾਮ ਪਾਲ ਅਬਿਆਨਾ, ਸੁਰਿੰਦਰ ਪਾਲ ਸਹੋੜਾ, ਨਰਿੰਦਰ ਸਿੰਘ ਬਡਵਾਲੀ, ਡਾ ਜਸਪ੍ਰੀਤ ਸਿੰਘ, ਐਡਵੋਕੇਟ ਸ਼ਿਵ ਕਲਿਆਣ, ਜਰਨੈਲ ਸਿੰਘ ਸੁਰਤਾਪੁਰ, ਹਰਬੰਸ ਲਾਲ ਚਣਕੋਆ, ਜਸਵੀਰ ਸਿੰਘ ਓਲੀਆਪੁਰ, ਭੁਪਿੰਦਰ ਸਿੰਘ ਬੇਗ਼ਮਪੁਰੀ, ਸੁਭਾਸ਼ ਕੌਂਸਲਰ, ਮੋਹਨ ਸਿੰਘ ਰਾਹੋਂ, ਕੌਂਸਲਰ ਗੁਰਮੁਖ ਸਿੰਘ, ਚਰਨਜੀਤ ਸਿੰਘ ਦੇਵੀਗੜ੍ਹ ਆਦਿ ਸ਼ਾਮਿਲ ਸਨ।