ਗ੍ਰੇਟਰ ਨੋਇਡਾ, 30 ਜੂਨ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਲੈਂਡ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਨੇ ਬਿਲਡਰਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨੋਇਡਾ ਜ਼ਿਲ੍ਹਾ ਪ੍ਰਸ਼ਾਸਨ ਨੇ 32 ਬਿਲਡਰਾਂ ਦੀ 500 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਬਤ ਕੀਤੀ ਗਈ ਜਾਇਦਾਦ ਨੂੰ ਨੀਲਾਮ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਯੂ.ਪੀ. ਰੇਰਾ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਨ ‘ਤੇ ਇਹ ਕਾਰਵਾਈ ਕੀਤੀ ਹੈ। ਇਸ ਕਾਰਵਾਈਤੋਂ ਬਾਅਦ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਬਿਲਡਰਾਂ ‘ਚ ਦਹਿਸ਼ਤ ਫੈਲ ਗਈ ਹੈ। ਨੋਇਡਾ-ਗ੍ਰੇਟਰ ਨੋਇਡਾ ‘ਚ ਬਿਲਡਰਾਂ ਦੀ ਮਨਮਾਨੀ ਕਿਸੇ ਤੋਂ ਲੁਕੀ ਨਹੀਂ ਹੈ। ਬਿਲਡਰਾਂ ਨੇ ਖਰੀਦਾਰਾਂ ਨਾਲ ਸਰਕਾਰ ਨੂੰ ਵੀ ਚੂਨਾ ਲਗਾਇਆ ਹੈ। ਇਕ ਪਾਸੇ ਜਿੱਥੇ ਬਿਲਡਰਾਂ ਨੇ ਖਰੀਦਾਰਾਂ ਨੂੰ ਪੈਸੇ ਲੈਣ ਤੋਂ ਬਾਅਦ ਵੀ ਫਲੈਟ ਨਹੀਂ ਦਿੱਤੇ ਹਨ। ਉੱਥੇ ਹੀ ਕਾਫ਼ੀ ਬਿਲਡਰਾਂ ਨੇ ਜ਼ਿਲ੍ਹਾ ਪ੍ਰਸਾਸਨ ਤੋਂ ਖਰੀਦੀ ਜ਼ਮੀਨ ਦਾ ਬਕਾਇਆ ਵੀ ਨਹੀਂ ਚੁਕਾਇਆ ਹੈ।
ਯੂ.ਪੀ. ਰੇਰਾ ਵਲੋਂ ਜਾਰੀ ਆਰ.ਸੀ. ਦੇ ਆਧਾਰ ‘ਤੇ ਬਕਾਏਦਾਰ ਬਿਲਡਰਾਂ ਤੋਂ ਵਸੂਲੀ ਕੀਤੀ ਜਾ ਰਹੀ ਹੈ। ਮੁਹਿੰਮ ਦੇ ਅਧੀਨ 32 ਬਿਲਡਰਾਂ ਦੀ ਕਰੀਬ 500 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਸਾਰੀਆਂ ਜਾਇਦਾਦਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਬਤ ਦਾ ਨੋਟਿਸ ਚਿਪਕਾ ਦਿੱਤਾ ਹੈ। ਜ਼ਬਤ ਜਾਇਦਾਦਾਂ ਦੀ ਜਲਦ ਹੀ ਆਨਲਾਈਨ ਨੀਲਾਮੀ ਦੀ ਪ੍ਰਕਿਿਰਆ ਸ਼ੁਰੂ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸੰਬੰਧ ‘ਚ ਸ਼ਾਸਨ ਨੂੰ ਚਿੱਠੀ ਭੇਜੀ ਹੈ। ਸ਼ਾਸਨ ਦੇ ਨਿਰਦੇਸ਼ ‘ਤੇ ਨੀਲਾਮੀ ਕੀਤੀ ਜਾਵੇਗੀ।