ਜੰਮੂ – ਆਗਾਮੀ ਅਮਰਨਾਥ ਯਾਤਰਾ ’ਚ 40 ਤੋਂ ਵੱਧ ਖਾਣ-ਪੀਣ ਵਾਲੇ ਪਦਾਰਥਾਂ ’ਤੇ ਪਾਬੰਦੀ ਲਾਈ ਗਈ ਹੈ ਅਤੇ ਤੀਰਥਯਾਤਰੀਆਂ ਨੂੰ ਰੋਜ਼ਾਨਾ ਘੱਟ ਤੋਂ ਘੱਟ 5 ਕਿਲੋਮੀਟਰ ਪੈਦਲ ਚਲ ਕੇ ਸਿਹਤ ਬਿਹਤਰ ਕਰਨ ਦੀ ਸਲਾਹ ਦਿੱਤੀ ਗਈ ਹੈ। ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਵੀਰਵਾਰ ਨੂੰ ਜਾਰੀ ਹੈਲਥ ਐਡਵਾਈਜ਼ਰੀ ’ਚ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਕਿਹਾ, ‘‘ਅਮਰਨਾਥ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਾਬੰਦੀਸ਼ੁਦਾ ਖੁਰਾਕੀ ਪਦਾਰਥਾਂ ਅਤੇ ਅਜਿਹੇ ਖੁਰਾਕੀ ਪਦਾਰਥਾਂ ਦੀ ਸੂਚੀ ’ਤੇ ਨਜ਼ਰ ਪਾਓ, ਜਿਨ੍ਹਾਂ ਨੂੰ ਤੁਸੀਂ ਯਾਤਰਾ ਦੌਰਾਨ ਲਿਜਾ ਸਕਦੇ ਹੋ।’’ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੀ ਸਲਾਹ ਅਨੁਸਾਰ ਜਿਨ੍ਹਾਂ ਖਾਣ-ਪੀਣ ਵਾਲੇ ਪਦਾਰਥਾਂ ’ਤੇ ਰੋਕ ਲਾਈ ਗਈ ਹੈ, ਉਨ੍ਹਾਂ ’ਚ ਪੁਲਾਓ, ਤਲੇ ਚੌਲ, ਪੂੜੀ, ਪਿੱਜ਼ਾ, ਬਰਗਰ, ਭਰਵਾਂ ਪਰੌਂਠਾ, ਡੋਸਾ, ਮੱਖਣ-ਬ੍ਰੈੱਡ, ਅਚਾਰ, ਚਟਨੀ, ਤਲਿਆ ਪਾਪੜ, ਚਾਊਮਿਨ ਸਮੇਤ ਹੋਰ ਤਲੇ ਹੋਏ ਖੁਰਾਕੀ ਪਦਾਰਥ ਸ਼ਾਮਲ ਹਨ।
ਸ਼ਰਧਾਲੂਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਬੋਰਡ ਨੇ ਚੌਲਾਂ ਦੇ ਕੁਝ ਪਕਵਾਨਾਂ ਦੇ ਨਾਲ ਅਨਾਜ, ਦਾਲਾਂ, ਹਰੀਆਂ ਸਬਜ਼ੀਆਂ ਅਤੇ ਸਲਾਦ ਵਰਗੇ ਖੁਰਾਕੀ ਪਦਾਰਥਾਂ ਦੀ ਸਿਫਾਰਿਸ਼ ਕੀਤੀ ਹੈ। ਬੋਰਡ ਮੁਤਾਬਕ ਗਾਂਦਰਬਲ ਅਤੇ ਅਨੰਤਨਾਗ ਜ਼ਿਲਿਆਂ ਦੇ ਜ਼ਿਲਾ ਅਧਿਕਾਰੀ ਪਾਬੰਦੀਸ਼ੁਦਾ ਖੁਰਾਕੀ ਪਦਾਰਥਾਂ ਦੀ ਉਲੰਘਣਾ ਕਰਨ ’ਤੇ ਦਿੱਤੀ ਜਾਣ ਵਾਲੀ ਸਜ਼ਾ ਨੂੰ ਤੈਅ ਕਰਦੇ ਹੋਏ ਉਚਿਤ ਹੁਕਮ ਜਾਰੀ ਕਰਨਗੇ।