ਚੰਡੀਗੜ੍ਹ, 14 ਫਰਵਰੀ (ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪਾਰਟੀ ਉਮੀਦਵਾਰ ਗੁਰਦੇਵ ਸਿੰਘ ਮਾਨ (ਦੇਵ ਮਾਨ) ਦੇ ਹੱਕ ਵਿੱਚ ਨਾਭਾ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ , ‘‘ਅਸੀਂ ਚੰਗੇ ਲੋਕ, ਚੰਗੇ ਕੰਮ ਕਰਾਂਗੇ। ਇਮਾਨਦਾਰ ਹਾਂ ਅਤੇ ਇਮਾਨਦਾਰ ਰਹਾਂਗੇ।’’ ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਹੈ, ਹੁਣ ਸਾਰਿਆਂ ਨੇ ਮਿਲ ਕੇ ਉਨਾਂ ਆਗੂਆਂ ਨੂੰ ਸਬਕ ਸਿਖਾਉਣਾ ਹੈ।
ਮੁੱਖ ਮੰਤਰੀ ਚੰਨੀ ’ਤੇ ਬੋਲੇ ਤਿੱਖੇ ਹਮਲੇ-
ਸੋਮਵਾਰ ਨੂੰ ਨਾਭਾ ਵਿਖੇ ਉਮੀਦਵਾਰ ਗੁਰਦੇਵ ਸਿੰਘ ਮਾਨ ਦੇ ਹੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਿੱਖੇ ਹਮਲੇ ਕੀਤੇ ਅਤੇ ਮੁੱਖ ਮੰਤਰੀ ਚੰਨੀ ਦੇ ਗਰੀਬ ਹੋਣ ਦੇ ਦਾਅਵੇ ’ਤੇ ਸਵਾਲ ਚੁੱਕੇ। ਚੱਢਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰਦੇ ਹਨ ਕਿ ਉਹ ਇੱਕ ਗਰੀਬ ਵਿਅਕਤੀ ਹਨ, ਪਰ ਉਨਾਂ ਦੇ ਰਿਸਤੇਦਾਰ ਭੁਪਿੰਦਰ ਸਿੰਘ ਹਨੀ ’ਤੇ ਇਨਫੋਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਛਾਪਾ ਮਾਰ ਕੇ 10 ਕਰੋੜ ਰੁਪਏ ਨਗਦ, 54 ਲੱਖ ਦੀਆਂ ਬੈਂਕ ਦੀਆਂ ਐਂਟਰੀਆਂ, 16 ਲੱਖ ਦੀ ਘੜੀ, ਲਗਜ਼ਰੀ ਕਾਰ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗਜ ਬਰਾਮਦ ਕੀਤੇ ਹਨ। ਉਨਾਂ ਚੰਨੀ ਨੂੰ ਪੁੱਛਿਆ ਕਿ ਐਨੀ ਦੌਲਤ ਹਨੀ ਕੋਲ ਕਿੱਥੋਂ ਆਈ?