ਨੈਸ਼ਨਲ ਡੈਸਕ, 14 ਫਰਵਰੀ (ਬਿਊਰੋ)- ਗੋਆ ਵਿਧਾਨਸਭਾ ਚੋਣਾਂ ਲਈ ਸੂਬੇ ‘ਚ ਦੋ ਜ਼ਿਲਿਆਂ ਦੀਆਂ 40 ਸੀਟਾਂ ‘ਤੇ ਸੋਮਵਾਰ ਨੂੰ ਅਮਨ-ਅਮਾਨ ਨਾਲ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਜਦਕਿ ਸ਼ਾਮ 6.00 ਵਜੇ ਤਕ ਚਲੀ। ਗੋਆ ‘ਚ ਰਿਕਾਰਡ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਦੀ ਵੈੱਬਾਸਾਈਟ ਦੇ ਮੁਤਾਬਕ ਗੋਆ ‘ਚ ਸ਼ਾਮ 5 ਵਜੇ ਤਕ 75.29 ਫ਼ੀਸਦੀ ਵੋਟਿੰਗ ਹੋਈ। ਸੋਮਵਾਰ ਨੂੰ ਗੋਆ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ‘ਚ ਵਿਧਾਨਸਭਾ ਚੋਣਾਂ ਲਈ ਵੋਟਿੰਗ ਹੋਈ। ਵੋਟਿੰਗ ਦੇ ਮਾਮਲੇ ‘ਚ ਗੋਆ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਅੱਗੇ ਰਿਹਾ। ਲੋਕਾਂ ਨੇ ਲੋਕਤੰਤਰ ਦੇ ਇਸ ਉਤਸਵ ‘ਚ ਵੱਧ-ਚੜ੍ਹ ਕੇ ਹਿੱਸਾ ਲਿਆ। ਸੂਬੇ ਦੇ ਕੁਲ 11.6 ਲੱਖ ਵੋਟਰਾਂ ਨੇ 301 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈ. ਵੀ. ਐੱਮ. ਮਸ਼ੀਨ ‘ਚ ਕੈਦ ਕਰ ਦਿੱਤਾ, ਹੁਣ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
301 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
ਮੁੱਖਮੰਤਰੀ ਪ੍ਰਮੋਦ ਸਾਵੰਤ (ਸਾਂਖਲੀ), ਉਪ ਮੁੱਖ ਮੰਤਰੀ ਬਾਬੂ ਕਾਵਲੇਕਰ (ਕਿਊਪੇਮਾ), ਮਨੋਹਰ ਅਜਗਾਂਵਕਰ (ਮਡਗਾਂਵ), ਮੌਵਿਨ ਗੋਡਿਨਹੋ (ਡਾਬੋਲਿਮ), ਵਿਸ਼ਵਜੀਤ ਰਾਣੇ (ਵਾਲਪੋਈ), ਨੀਲੇਸ਼ ਕੈਬਰਾਲ (ਕਰਚੋਰਮ) ਤੇ ਜੇਨੀਫਰ ਮੋਨਸੇਰੇਟ ਦੀ ਕਿਸਮਤ ਦਾਅ ‘ਤੇ ਲੱਗੀ ਹੈ। ਇਸ ਤੋਂ ਇਲਾਵਾ ਹਾਲ ‘ਚ ਅਸਤੀਫ਼ਾ ਦੇਣ ਵਾਲੇ ਚਾਰ ਮੰਤਰੀ ਵੀ ਕਿਸਮਤ ਆਜ਼ਮਾ ਰਹੇ ਹਨ ਜਿਨ੍ਹਾਂ ‘ਚ ਦੀਪਕ ਪੌਸਕਰ ਹਨ, ਜੋ ਸਾਵੋਰਦਮ ਚੋਣ ਖੇਤਰ ਤੋਂ ਆਜ਼ਾਦ ਚੋਣ ਲੜ ਰਹੇ ਹਨ।
ਜਦਕਿ ਪ੍ਰੋਲ ਤੋਂ ਗੋਵਿੰਦ ਗੌਡੇ (ਭਾਜਪਾ), ਕਲੰਗੁਟ ਤੋਂ ਮਾਈਕਲ ਲੋਬੋ (ਕਾਂਗਰਸ) ਤੇ ਵੇਲਿਮ ਚੋਣ ਖੇਤਰ ਤੋਂ ਫਿਲਿਪ ਨੇਰੀ ਰੋਡ੍ਰਿਗਸ (ਰਾਕਾਂਪਾ) ਸ਼ਾਮਲ ਹਨ। ਵਿਧਾਨਸਭਾ ਦੇ ਡਿਪਟੀ ਸਪੀਕਰ ਇਸੋਡੋਰ ਫਰਨਾਂਡਿਜ਼ ਕਾਨਾਕੋਨਾ ਚੋਣ ਖੇਤਰ ਤੋਂ ਆਜ਼ਾਦ ਚੋਣ ਲੜ ਰਹੇ ਹਨ। ਸਾਬਕਾ ਮੁੱਖਮੰਤਰੀ ਲਕਸ਼ਮੀਕਾਂਤ ਪਾਰੇਸਕਰ ਜਿੱਥੇ ਮੰਡ੍ਰੇਮ ਚੋਣ ਖੇਤਰ ਤੋਂ ਇਕ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਹਨ, ਜਦਕਿ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰਿਰਕਰ ਦੇ ਪੁੱਤਰ ਉਤਪਲ ਪਾਰਿਰਕਰ ਨੇ ਪਣਜੀ ਚੋਣ ਖੇਤਰ ‘ਚ ਚੁਣੌਤੀ ਦਿੱਤੀ ਹੈ।