ਸ਼ਿਮਲਾ, 6 ਜਨਵਰੀ (ਬਿਊਰੋ)- ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਉੱਤਰਾਖੰਡ ’ਚ ਬਰਫਬਾਰੀ ਹੋਈ। ਮੈਦਾਨੀ ਇਲਾਕਿਆਂ ਪੰਜਾਬ, ਹਰਿਆਣਾ, ਦਿੱਲੀ-ਐੱਨ. ਸੀ. ਆਰ. ਅਤੇ ਨਾਲ ਲੱਗਦੇ ਹੋਰਨਾਂ ਇਲਾਕਿਆਂ ਵਿਚ ਮੀਂਹ ਪਿਆ। ਮੀਂਹ ਪੈਣ ਦਾ ਸਿਲਸਿਲਾ ਬੁੱਧਵਾਰ ਰਾਤ ਤਕ ਜਾਰੀ ਸੀ। ਮੌਸਮ ਵਿਭਾਗ ਨੇ ਕਈ ਸੂਬਿਆਂ ਲਈ ਆਉਂਦੇ 24 ਘੰਟਿਆਂ ਦਾ ਅਲਰਟ ਜਾਰੀ ਕੀਤਾ ਹੈ।
ਉੱਤਰਾਖੰਡ ’ਚ ਚਾਰ ਧਾਮ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਵਿਖੇ ਲਗਾਤਾਰ ਦੂਜੇ ਦਿਨ ਵੀ ਬਰਫਬਾਰੀ ਹੋਈ। ਰਿਸ਼ੀਕੇਸ਼-ਗੰਗੋਤਰੀ ਸੜਕ ਸੁੱਕੀ ਟਾਪ ਤੋਂ ਲੈ ਕੇ ਗੰਗੋਤਰੀ ਮੰਦਰ ਤਕ ਕਈ ਥਾਈਂ ਬਰਫ ਹੇਠ ਦੱਬੀ ਗਈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਕਈ ਥਾਵਾਂ ’ਤੇ ਪਾਣੀ ਦੀਆਂ ਪਾਈਪਾਂ ਫਟ ਗਈਆਂ।
ਪੰਜਾਬ ਤੇ ਹਰਿਆਣਾ ’ਚ ਬੁੱਧਵਾਰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ। ਕੇਂਦਰ-ਸ਼ਾਸਿਤ ਖੇਤਰ ਚੰਡੀਗੜ੍ਹ ਦੇ ਨਾਲ ਹੀ ਪੰਜਾਬ ਤੇ ਹਰਿਆਣਾ ’ਚ ਮੀਂਹ ਪੈਣ ਕਾਰਨ ਠੰਡ ਹੋਰ ਵੀ ਵਧ ਗਈ। ਕਸ਼ਮੀਰ ਵਾਦੀ ਦੇ ਬਨਿਹਾਲ, ਕੁਪਵਾੜਾ, ਕੋਕਰਨਾਗ, ਗੁਰੇਜ਼, ਬਾਂਦੀਪੋਰਾ, ਸ਼ੋਪੀਆਂ, ਪਹਿਲਗਾਮ, ਸੋਨਮਰਗ ਤੇ ਗੁਲਮਰਗ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਣ ਕਾਰਨ ਦੂੂਰ-ਦੁਰਾਡੇ ਦੇ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ। ਖਰਾਬ ਮੌਸਮ ਤੇ ਘੱਟ ਵਿਜ਼ੀਬਿਲਟੀ ਕਾਰਨ ਸ਼੍ਰੀਨਗਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਕਰਨੀਆਂ ਪਈਆਂ। ਸ਼੍ਰੀਨਗਰ ’ਚ ਬੁੱਧਵਾਰ ਸਵੇਰ ਤੋਂ ਰਾਤ ਤਕ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਤੇ ਨਾਲ ਹੀ ਬਰਫਬਾਰੀ ਵੀ ਹੁੰਦੀ ਰਹੀ। ਇਸ ਕਾਰਨ ਆਮ ਜੀਵਨ ਉਥਲ-ਪੁਥਲ ਹੋ ਗਿਆ।