ਲੁਧਿਆਣਾ, 8 ਫਰਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਸਿਆਸਤ ਗਰਮਾ ਗਈ ਹੈ। ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੋਰਟ ਕੰਪਲੈਕਸ ‘ਚ ਬਾਰ ਰੂਮ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਫਿਲਹਾਲ ਬੈਂਸ ਬਾਰ ਰੂਮ ਤੋਂ ਬਾਹਰ ਨਿਕਲ ਰਹੇ ਹਨ। ਇਸ ਦੌਰਾਨ ਬੈਂਸ ਸਮਰਥਕ ਨਾਅਰੇਬਾਜ਼ੀ ਕਰ ਰਹੇ ਹਨ। ਜਦੋਂ ਪੁਲਿਸ ਬੈਂਸ ਨੂੰ ਕਾਰ ‘ਚ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਸਮਰਥਕ ਜਿਪਸੀ ਅੱਗੇ ਆ ਗਏ। ਇਸ ਦੌਰਾਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਪੁਲਿਸ ਨੇ ਕਾਰ ਨੂੰ ਬਾਹਰ ਕੱਢ ਲਈ ਹੈ। ਸਮਰਥਕ ਅਜੇ ਵੀ ਕਾਰ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।
ਸੋਮਵਾਰ ਦੇਰ ਸ਼ਾਮ ਨਿਊ ਜਨਤਾ ਨਗਰ ਇਲਾਕੇ ‘ਚ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਮੀਟਿੰਗ ‘ਚ ਹਮਲਾ ਕਰਨ ਅਤੇ ਗੋਲ਼ੀ ਚਲਾਉਣ ਦੇ ਮਾਮਲੇ ‘ਚ ਥਾਣਾ ਸ਼ਿਮਲਾ ਪੁਰੀ ਦੀ ਪੁਲਿਸ ਨੇ LIP ਸੁਪਰੀਮੋ ਸਿਮਰਜੀਤ ਸਿੰਘ ਬੈਂਸ (Simarjit singh Bains) ਸਮੇਤ 33 ਲੋਕਾਂ ਖਿਲਾਫ ਬਾਈਨੇਮ ਪਰਚਾ ਦਰਜ ਕਰਨ ਸਮੇਤ 150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖਿਲਾਫ਼ ਕਤਲ ਦੀ ਕੋਸ਼ਿਸ਼, ਹਿੰਸਾ ਫੈਲਾਉਣ, ਭੰਨਤੋੜ ਕਰਕੇ ਨੁਕਸਾਨ ਪਹੁੰਚਾਉਣ, ਆਰਮਜ਼ ਐਕਟ, ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ 3 ਮਹਾਂਮਾਰੀ ਰੋਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।