ਇਸ ਵਾਰ ਬਾਦਲ ਪਰਿਵਾਰ ਦੀ ਸਿਆਸਤ ਦਾ ਹੋਵੇਗਾ ਅੰਤ : ਭਗਵੰਤ ਮਾਨ

mann/nawanpunjab.com

ਲੰਬੀ, ਗਿੱਦੜਬਾਹਾ, ਮਲੋਟ (ਮੁਕਤਸਰ), 7 ਫਰਵਰੀ (ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਗੜ੍ਹ ਲੰਬੀ ’ਚ ਬਾਦਲ ਪਰਿਵਾਰ ’ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਕਿਹਾ ਕਿ ਪੰਜਾਬ ਦੀ ਹਵਾ ਹੁਣ ਬਦਲ ਚੁੱਕੀ ਹੈ। ਇਸ ਵਾਰ ਬਾਦਲ ਪਰਿਵਾਰ ਦੀ ਸਿਆਸਤ ਦਾ ਅੰਤ ਹੋਣ ਵਾਲਾ ਹੈ। ਸੱਤਾ ਦੇ ਲਾਲਚ ਕਾਰਨ ਵੱਡੇ ਬਾਦਲ ਸੇਵਾ ਕਰਵਾਉਣ ਦੀ ਉਮਰ ’ਚ ਲੋਕਾਂ ਕੋਲੋਂ ਸੇਵਾ ਕਰਨ ਦਾ ਇਕ ਹੋਰ ਮੌਕਾ ਮੰਗ ਰਹੇ ਹਨ। 94 ਸਾਲ ਦੀ ਉਮਰ ’ਚ ਲੋਕ ਭਗਵਾਨ ਦਾ ਨਾਂ ਲੈਂਦੇ ਹਨ ਅਤੇ ਘਰ ਦੇ ਛੋਟੇ ਬੱਚਿਆਂ ਦੇ ਨਾਲ ਹੱਸਦੇ-ਖੇਡਦੇ ਹਨ ਪਰ ਸੱਤਾ ਅਤੇ ਪਰਿਵਾਰ ਦੇ ਮੋਹ ’ਚ ਭਗਵਾਨ ਦਾ ਨਾਂ ਲੈਣ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੁਢਾਪੇ ’ਚ ਵੀ ਚੋਣ ਲੜ ਰਹੇ ਹਨ। ਮਾਨ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਸਤਰਾਂ ਰਾਹੀਂ ਤੰਜ਼ ਕਰਦਿਆਂ ਕਿਹਾ, ‘‘ਪਿੱਪਲ ਦੇ ਪੱਤਿਆ ਕਾਅਦੀ ਖੜ-ਖੜ ਲਾਈ ਹੈ, ਪੱਤ ਝੜ ਗਏ …ਰੁੱਤ ਨਵਿਆਂ ਦੀ ਆਈ ਹੈ।” ਉਨ੍ਹਾਂ ਕਿਹਾ ਕਿ ਇਹ ਸਮਾਂ ਪੰਜਾਬ ਦੇ ਨੌਜਵਾਨਾਂ ਦਾ ਹੈ, ਪੰਜਾਬ ਦੀ ਨਵੀਂ ਪੀੜ੍ਹੀ ਦਾ ਹੈ।
ਨੌਜਵਾਨ ਹੀ ਹੁਣ ਪੰਜਾਬ ਦਾ ਭਵਿੱਖ ਤੈਅ ਕਰਨਗੇ ਪਰ ਨਵੇਂ ਲੋਕਾਂ ਨੂੰ ਮੌਕਾ ਦੇਣ ਦੀ ਥਾਂ ਵੱਡੇ ਬਾਦਲ ਪਿਛਲੀਆਂ ਤਿੰਨ ਚੋਣਾਂ ਤੋਂ ਆਖਰੀ ਵਾਰ ਬੋਲ ਕੇ ਚੋਣਾਂ ਲੜਦੇ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸੱਤਾ ’ਚ ਰਹਿੰਦਿਆਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਪਰਿਵਾਰ ’ਤੇ ਬਹੁਤ ਜ਼ੁਲਮ ਕੀਤੇ ਸਨ ਪਰ ਖੁੱਡੀਆ ਪਰਿਵਾਰ ਨੇ ਕਦੇ ਵੀ ਲੋਕਾਂ ਦਾ ਸਾਥ ਨਹੀਂ ਛੱਡਿਆ। ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਰਹੇ। ਇਸ ਵਾਰ ਲੰਬੀ ਦੇ ਲੋਕ ਬਾਦਲ ਪਰਿਵਾਰ ਨੂੰ ਉਨ੍ਹਾਂ ਦੇ ਸਾਰੇ ਜ਼ੁਲਮਾਂ ਦਾ ਸਬਕ ਸਿਖਾਉਣਗੇ। ਸੋਮਵਾਰ ਨੂੰ ਭਗਵੰਤ ਮਾਨ ਨੇ ਲੰਬੀ, ਗਿੱਦੜਬਾਹਾ ਅਤੇ ਮਲੋਟ ਵਿਧਾਨ ਸਭਾ ਖੇਤਰਾਂ ਦੇ ਵੱਖ-ਵੱਖ ਇਲਾਕਿਆਂ ਵਿਚ ‘ਆਪ’ ਉਮੀਦਵਾਰਾਂ ਦੇ ਪੱਖ ’ਚ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਲੰਬੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ, ਗਿੱਦੜਬਾਹਾ ਦੇ ਉਮੀਦਵਾਰ ਪ੍ਰੀਤਪਾਲ ਸ਼ਰਮਾ ਅਤੇ ਮਲੋਟ ਦੇ ਉਮੀਦਵਾਰ ਡਾ. ਬਲਜੀਤ ਕੌਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਚੋਣ ਪ੍ਰਚਾਰ ਦੌਰਾਨ ਮਾਨ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕੀਤਾ। ਲੋਕਾਂ ’ਚ ਮਾਨ ਪ੍ਰਤੀ ਭਾਰੀ ਉਤਸ਼ਾਹ ਸੀ। ਭਾਰੀ ਗਿਣਤੀ ’ਚ ਲੋਕ ਮਾਨ ਨੂੰ ਸੁਣਨ ਲਈ ਆਪਣੇ ਘਰਾਂ ’ਚੋਂ ਨਿਕਲੇ। ਥਾਂ-ਥਾਂ ਫੁੱਲ ਬਰਸਾ ਕੇ ਅਤੇ ਹਾਰ ਪਹਿਨਾ ਕੇ ਲੋਕਾਂ ਨੇ ਮਾਨ ਦਾ ਸਵਾਗਤ ਕੀਤਾ ਅਤੇ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਨ ਦੇ ਨਾਲ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਕਈ ਸੂਬਾ ਪੱਧਰੀ ਅਤੇ ਸਥਾਨਕ ਆਗੂ ਵੀ ਮੌਜੂਦ ਸਨ।

ਮਾਨ ਨੇ ਬਾਦਲ ਅਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖ਼ਾ ਕੀਤਾ ਅਤੇ ਉਨ੍ਹਾਂ ਦੇ ਜੀਵਨ ਦੇ ਨਾਲ ਖਿਲਵਾੜ ਕੀਤਾ। ਪਿਛਲੇ ਇਕ ਦਹਾਕੇ ਤੋਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਲਈ ਸੜਕਾਂ ’ਤੇ ਸੰਘਰਸ਼ ਕਰ ਰਹੇ ਹਨ। ਲੱਖਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ ਪਾਉਣ ਦੀ ਉਮਰ ਖ਼ਤਮ ਹੋ ਗਈ ਪਰ ਨਾ ਤਾਂ ਬਾਦਲ, ਭਾਜਪਾ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਕਦਮ ਚੁੱਕੇ। ਕਾਂਗਰਸ ਦੀ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪੰਜ ਸਾਲਾਂ ਤੱਕ ਪੰਜਾਬ ਦੇ ਨੌਜਵਾਨਾਂ ’ਤੇ ਪੁਲਸ ਦੀਆਂ ਡਾਂਗਾਂ ਚਲਵਾਈਆਂ ਅਤੇ ਰੋਜ਼ਗਾਰ ਦੇ ਝੂਠੇ ਮੇਲੇ ਲਗਾ ਕੇ ਨੌਜਵਾਨਾਂ ਨੂੰ ਬੇਵਕੂਫ਼ ਬਣਾਇਆ ਗਿਆ।
ਮਾਨ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ। ਬੇਰੁਜ਼ਗਾਰ ਨੌਜਵਾਨਾਂ ਨੂੰ ਚੰਗੀ ਨੌਕਰੀ ਦੇ ਮੌਕੇ ਪ੍ਰਦਾਨ ਕਰਨਗੇ ਅਤੇ ਖ਼ੁਦ ਦਾ ਵਪਾਰ ਕਰਨ ਲਈ ਸਰਕਾਰੀ ਮਦਦ ਦੇਣਗੇ। ਸਾਡਾ ਉਦੇਸ਼ ਬੇਰੁਜ਼ਗਾਰਾਂ ਨੂੰ ਸਿਰਫ਼ ਰੋਜ਼ਗਾਰ ਦੇਣਾ ਹੀ ਨਹੀਂ, ਉਨ੍ਹਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣਾ ਹੈ। ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਕਿਰਿਆ ਨੂੰ ਰੋਕਾਂਗੇ ਅਤੇ ਉਨ੍ਹਾਂ ਨੂੰ ਪੰਜਾਬ ’ਚ ਹੀ ਭਰਪੂਰ ਮੌਕੇ ਅਤੇ ਸਾਧਨ ਪ੍ਰਦਾਨ ਕਰਾਂਗੇ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸਭ ਨੇ ਮਿਲ ਕੇ ਪੰਜਾਬ ਦੀ ਕਿਸਮਤ ਬਦਲਣੀ ਹੈ। ਬੱਚਿਆਂ ਅਤੇ ਪੰਜਾਬ ਦੇ ਸੁਰੱਖਿਅਤ ਭਵਿੱਖ ਲਈ ਇਸ ਵਾਰ ਝਾੜੂ ਵਾਲਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ।

Leave a Reply

Your email address will not be published. Required fields are marked *