ਚੰਡੀਗੜ੍ਹ, 7 ਫਰਵਰੀ (ਬਿਊਰੋ)- ਕਾਂਗਰਸ ਦੀ ਬਾਗੀ ਆਗੂ ਦਾਮਨ ਬਾਜਵਾ, ਜਿਨ੍ਹਾਂ ਨੇ ਸੁਨਾਮ ਤੋਂ ਪਾਰਟੀ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਸਨ ਅਤੇ ਬਾਅਦ ਵਿੱਚ ਨਾਮਜ਼ਦਗੀ ਵਾਪਸ ਲੈ ਲਈ ਸੀ, ਨੇ ਅੱਜ ਭਾਜਪਾ ਪੰਜਾਬ ਚੋਣ ਪ੍ਰਚਾਰ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰੇਰਣਾ ਨਾਲ ਭਾਜਪਾ ਜੁਆਇਨ ਕਰ ਲਈ। ਦਾਮਨ ਨੇ ਕਿਹਾ ਕਿ ਸ਼ੇਖਾਵਤ ਨੇ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਕਿ ਸ਼ੇਖਾਵਤ ਨੇ ਦੱਸਿਆ ਕਿ ਭਾਜਪਾ ਨੂੰ ਮੇਰੇ ਵਰਗੇ ਲੋਕਾਂ ਦੀ ਲੋੜ ਹੈ, ਜੋ ਇਮਾਨਦਾਰ ਹੋਣ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ। ਅੱਜ ਗਜੇਂਦਰ ਸ਼ੇਖਾਵਤ ਦੀ ਹਾਜ਼ਰੀ ‘ਚ ਹੋਈ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਕਈ ਵੱਡੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ।
ਇਸ ਤੋਂ ਪਹਿਲਾਂ ਅੱਜ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੌਬੀ ਧਾਲੀਵਾਲ ਸਮੇਤ ਕੁੱਝ ਹੋਰ ਕਲਾਕਾਰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ। ਇਨ੍ਹਾਂ ਤੋਂ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ‘ਚ ਲੁਧਿਆਣਾ ਤੋਂ ਅਮਰਜੀਤ ਸਿੰਘ ਟਿੱਕਾ, ਸੁਖਵਿੰਦਰ ਸਿੰਘ ਬਿੰਦਰਾ, ਸੁਨਾਮ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਯੂਥ ਕਾਂਗਰਸ ਦੇ ਪ੍ਰਧਾਨ ਬੱਬੂ ਭੁੱਲਰ, ਪਰਮਿੰਦਰ, ਹਿੰਮਤ ਸਿੰਘ ਬਾਜਵਾ, ਅਮਰਿੰਦਰ ਸਿੰਘ ਮੋਨੀ, ਅਸ਼ਵਨੀ ਸਿੰਗਲਾ, ਗੱਗੀ ਬਾਜਵਾ ਤੇ ਹਰਮਨ ਬਾਜਵਾ ਹਨ।