ਨਵੀਂ ਦਿੱਲੀ, 8 ਜੁਲਾਈ (ਦਲਜੀਤ ਸਿੰਘ)- ਦਿੱਲੀ ਦੀ ਇਕ ਅਦਾਲਤ ਨੇ ਇਸ ਸਾਲ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਚ ਹਿੰਸਾ ਅਤੇ ਭੰਨਤੋੜ ’ਚ ਸ਼ਾਮਲ ਬੂਟਾ ਸਿੰਘ ਨੂੰ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ। ਵਧੀਕ ਸੈਸ਼ਨ ਜੱਜ ਕਾਮਿਨੀ ਲਾਉ ਨੇ ਇਸਤਗਾਸਾ ਪੱਖ ਅਤੇ ਮੁਲਜ਼ਮ ਵਕੀਲ ਦੋਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਬੂਟਾ ਸਿੰਘ ਨੇ ਕਿਸਾਨਾਂ ਦੇ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ। 5 ਮਹੀਨੇ ਤੋਂ ਵੱਧ ਸਮੇਂ ਤੱਕ ਫਰਾਰ ਰਹਿਣ ਮਗਰੋਂ 26 ਸਾਲਾ ਬੂਟਾ ਸਿੰਘ ’ਤੇ 50,000 ਰੁਪਏ ਦਾ ਇਨਾਮ ਰੱਖਿਆ ਗਿਆ ਅਤੇ 30 ਜੂਨ ਨੂੰ ਉਸ ਨੂੰ ਪੰਜਾਬ ਦੇ ਤਰਨਤਾਰਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਦਿੱਲੀ ਪੁਲਸ ਮੁਤਾਬਕ ਬੂਟਾ ਸਿੰਘ ਉਸ ਭੀੜ ਦਾ ਹਿੱਸਾ ਸੀ, ਜਿਸ ਨੇ ਗਣਤੰਤਰ ਦਿਵਸ ’ਤੇ ਲਾਲ ਕਿਲ੍ਹੇ ਵਿਚ ਪੁਲਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਅਤੇ ਜਨਤਰ ਸੰਪਤੀ ਨੂੰ ਲੁੱਟਿਆ ਅਤੇ ਭੰਨਤੋੜ ਕੀਤੀ। ਪੁਲਸ ਨੇ ਪੁੱਛ-ਗਿੱਛ ਕਰਨ ਲਈ ਅਦਾਲਤ ਤੋਂ ਉਸ ਦੀ 5 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਨੂੰਨੀ ਟੀਮ ਇਸ ਮਾਮਲੇ ’ਤੇ ਵਿਚਾਰ ਕਰ ਰਹੀ ਹੈ। ਵਕੀਲ ਜਸਪ੍ਰੀਤ ਰਾਏ, ਰਵਿੰਦਰ ਕੌਰ, ਵੀ. ਪੀ. ਐੱਸ. ਸੰਧੂ, ਜਸਦੀਪ ਐੱਸ. ਢਿੱਲੋਂ, ਕਪਿਲ ਮਦਾਨ, ਨਿਿਤਨ ਕੁਮਾਰ ਅਤੇ ਗੁਰਮੁਖ ਸਿੰਘ ਨੇ ਮਾਮਲੇ ਵਿਚ ਮੁਲਜ਼ਮ ਦੀ ਪੈਰਵੀ ਕੀਤੀ।