ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਸੀਐੱਮ ਫੇਸ ਭਗਵੰਤ

mann/nawanpunjab.com

ਲੁਧਿਆਣਾ, 20 ਜਨਵਰੀ (ਬਿਊਰੋ)- ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੀਐੱਮ ਫੇਸ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨਸਭਾ ਸੀਟ ਤੋਂ ਚੋਣ ਲੜਨਗੇ। ਏਐੱਨਆਈ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਧੂਰੀ ਪੰਜਾਬ ਦੇ ਮਾਲਵਾ ਬੈਲਟ ਦਾ ਹਿੱਸਾ ਹੈ ਅਤੇ ਸਭ ਤੋਂ ਵੱਧ ਵਿਧਾਨ ਸਭਾ ਸੀਟਾਂ ਇਸੀ ਬੈਲਟ ’ਚ ਹਨ। ਧੂਰੀ ਵਿਧਾਨ ਸਭਾ ਸੀਟ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਪਿਛਲੀਆਂ ਚੋਣਾਂ ਵਿੱਚ ਇੱਥੋਂ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਜੱਸੀ ਸੇਖੋਂ ਨੂੰ 2811 ਵੋਟਾਂ ਨਾਲ ਹਰਾਇਆ। ਦਲਵੀਰ ਸਿੰਘ ਗੋਲਡੀ ਨੂੰ 49347 ਅਤੇ ਨਜ਼ਦੀਕੀ ਵਿਰੋਧੀ ‘ਆਪ’ ਦੇ ਜਸਵੀਰ ਸਿੰਘ ਜੱਸੀ ਸੇਖੋਂ ਨੂੰ 46536 ਵੋਟਾਂ ਮਿਲੀਆਂ।

ਇਸ ਵਾਰ ਇਸ ਹਲਕੇ ਤੋਂ ਭਗਵੰਤ ਮਾਨ ਖੁਦ ਉਮੀਦਵਾਰ ਹੋਣਗੇ। ਬੀਤੇ ਦਿਨ ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਐਲਾਨਣ ਤੋਂ ਬਾਅਦ ਉਹ ਆਪਣੇ ਪਿੰਡ ਸਤੌਜ ਵੀ ਪਹੁੰਚੇ। ਪਿੰਡ ਵਾਸੀਆਂ ਨੇ ਭਗਵੰਤ ਮਾਨ ਦਾ ਮਾਤਾ ਹਰਪਾਲ ਕੌਰ ਸਮੇਤ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਭਗਵੰਤ ਮਾਨ ਭਾਵੁਕ ਨਜ਼ਰ ਆਏ। ਭਗਵੰਤ ਮਾਨ ਨੇ ਕਿਹਾ ਕਿ ਉਹ ਪੈਦਲ ਪਿੰਡ ਆਉਣ ਲਈ ਬਹੁਤ ਉਤਾਵਲੇ ਸਨ, ਕਿਉਂਕਿ ਉਹ ਸਭ ਤੋਂ ਪਹਿਲਾਂ ਉਸ ਥਾਂ ‘ਤੇ ਆਉਣਾ ਚਾਹੁੰਦੇ ਸਨ, ਜਿਸ ਦੀ ਮਿੱਟੀ ‘ਚੋਂ ਉਹ ਪੈਦਾ ਹੋਇਆ ਸੀ।

Leave a Reply

Your email address will not be published. Required fields are marked *