ਜ਼ੀਰਕਪੁਰ – ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ ‘ਤੇ ਬੈਰੀਕੇਡਸ ਉੱਪਰ ਫਲੈਕਸ ਲਗਾਉਣ ਪੁੱਜੇ ਇਕ ਵਿਅਕਤੀ ਅਤੇ ਪੁਲਸ ਮੁਲਾਜ਼ਮਾਂ ਦੇ ਗੁੱਥਮ-ਗੁੱਥੀ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਫਿਲਹਾਲ ਵਿਅਕਤੀ ਨੇ ਪੁਲਸ ਹੈਲਪਲਾਈਨ 112 ਨੰਬਰ ‘ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਾਣਕਾਰੀ ਮੁਤਾਬਕ ਸਚਿਨ ਬੱਤਰਾ ਵਾਸੀ ਵੀ. ਆਈ. ਪੀ. ਰੋਡ ਨੇ ਦੱਸਿਆ ਕਿ ਉਸ ਨੇ ਏ. ਡੀ. ਜੀ. ਪੀ. ਪੰਜਾਬ ਏ. ਐੱਸ. ਰਾਏ. ਨਾਲ ਮੁਲਾਕਾਤ ਕਰਕੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਤਹਿਤ ਪੂਰੇ ਪੰਜਾਬ ‘ਚ ਸੜਕਾਂ ‘ਤੇ ਬੈਰੀਕੇਡਸ ‘ਤੇ ਪੁਲਸ ਦੇ ਸਲੋਗਨ ਅਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ।ਇਸ ਦੌਰਾਨ ਜ਼ੀਰਕਪੁਰ ਲਾਈਟ ਪੁਆਇੰਟ ‘ਤੇ ਜਦੋਂ ਉਸ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਟ੍ਰੈਫਿਕ ਮੁਲਾਜ਼ਮ ਨੇ ਉਸ ਨੂੰ ਰੋਕ ਲਿਆ ਤਾਂ ਉਸ ਨੇ ਏ. ਡੀ. ਜੀ. ਪੀ. ਵੱਲੋਂ ਦਿੱਤੀ ਚਿੱਠੀ ਦਿਖਾ ਦਿੱਤੀ।
ਟ੍ਰੈਫਿਕ ਮੁਲਾਜ਼ਮ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਉੱਚ ਅਧਿਕਾਰੀ ਨਾਲ ਗੱਲ ਕਰਵਾਉਣੀ ਚਾਹੀ ਪਰ ਕਿਸੇ ਕਾਰਨ ਉੱਚ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਟ੍ਰੈਫਿਕ ਮੁਲਾਜ਼ਮ ਨੇ ਉਸ ‘ਤੇ ਝੂਠ ਬੋਲਣ ਦਾ ਦੋਸ਼ ਲਾਇਆ।ਪੀੜਤ ਸਚਿਨ ਨੇ ਦੋਸ਼ ਲਾਇਆ ਕਿ ਟ੍ਰੈਫਿਕ ਮੁਲਾਜ਼ਮ ਨੇ ਉਸ ਨੂੰ ਕਿਹਾ ਕਿ ਜੇਕਰ ਫਲੈਕਸ ਲਾਉਣੀ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਮਹੀਨੇ ਦੇਣੇ ਪੈਣਗੇ। ਇਸ ਤੋਂ ਮਨ੍ਹਾਂ ਕਰਨ ‘ਤੇ ਪੁਲਸ ਮੁਲਾਜ਼ਮ ਨੇ ਸਚਿਨ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਸਚਿਨ ਦੇ ਨਾਲ ਵਾਲੇ ਵਿਅਕਤੀ ਨੇ ਇਸ ਸਭ ਦੀ ਵੀਡੀਓ ਬਣਾ ਲਈ ਤਾਂ ਮੁਲਾਜ਼ਮਾਂ ਨੇ ਇਸ ਨੂੰ ਬੰਦ ਕਰਵਾ ਦਿੱਤਾ।