ਫਿਰੋਜ਼ਪੁਰ, 7 ਜਨਵਰੀ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਰੋਕੇ ਜਾਣ ਦੇ ਮਾਮਲੇ ਵਿਚ ਪੁਲਸ ਨੇ 150 ਲੋਕਾਂ ਖ਼ਿਲਾਫ਼ ਮਾਮਲਾ ਦਰਜ ਲਿਆ ਹੈ। ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ 150 ਅਣਪਛਾਤੇ ਲੋਕਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਇਸ ਘਟਨਾ ਨੂੰ ਲੈ ਕੇ ਇਹ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਭਾਵੇਂ ਹੁਣ ਤਕ ਇਹ ਮਾਮਲਾ ਅਣਪਛਾਤੇ ਲੋਕਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ ਪਰ ਪੁਲਸ ਵਲੋਂ ਧਰਨਾਕਾਰੀਆਂ ਦੀ ਸ਼ਨਾਖਤ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਸੰਭਵ ਹੈ ਕਿ ਜਾਂਚ ਤੋਂ ਬਾਅਦ ਗ੍ਰਿਫ਼ਤਾਰੀਆਂ ਦਾ ਦੌਰ ਵੀ ਸ਼ੁਰੂ ਹੋ ਸਕਦਾ ਹੈ।
ਕੇਂਦਰ ਦੀ ਟੀਮ ਜਾਂਚ ਲਈ ਪਹੁੰਚੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਵਿਚ ਚੂਕ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਲਈ ਕੇਂਦਰ ਸਰਕਾਰ ਦੀ ਤਿੰਨ ਮੈਂਬਰੀ ਟੀਮ ਪੰਜਾਬ ਪਹੁੰਚ ਗਈ ਹੈ।
ਟੀਮ ਸਭ ਤੋਂ ਪਹਿਲਾਂ ਉਸ ਜਗ੍ਹਾ ਪਹੁੰਚੀ ਜਿੱਥੇ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਿਆ ਗਿਆ ਸੀ। ਇਥੋਂ ਪੰਜਾਬ ਪੁਲਸ ਦੇ ਅਫਸਰ ਵੀ ਮੌਜੂਦ ਸਨ। ਦਿੱਲੀ ਤੋਂ ਆਈ ਟੀਮ ਵਿਚ ਇੰਟੈਲਜੈਂਸ ਬਿਊਰੋ (ਆਈ. ਬੀ.) ਦੇ ਜੁਆਇੰਟ ਡਾਇਰੈਕਟਰ ਬਲਬੀਰ ਸਿੰਘ, ਸਕਿਓਰਿਟੀ ਸਕੱਤਰ ਸੁਧੀਰ ਕੁਮਾਰ ਸਕਸੈਨਾ ਅਤੇ ਸਪਸ਼ਲ ਪ੍ਰੋਟਕਸ਼ਨ ਗਰੁੱਪ (ਐੱਸ. ਪੀ. ਜੀ.) ਦੇ ਆਈ. ਜੀ. ਐੱਸ. ਸੁਰੇਸ਼ ਸ਼ਾਮਲ ਹਨ। ਟੀਮ ਹੁਣ ਬੀ. ਐੱਸ. ਐੱਫ. ਦੇ ਫਿਰੋਜ਼ਪੁਰ ਸਥਿਤ ਕੈਂਪ ਵਿਚ ਗਈ ਹੈ। ਇਥੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਜਿੱਥੇ ਰੁਕਿਆ ਸੀ, ਉਸ ਦੇ ਚਾਰੇ ਪਾਸੇ ਕੀ ਸੀ? ਪ੍ਰਧਾਨ ਮੰਤਰੀ ਦੀ ਕਾਰ ਤੋਂ ਪ੍ਰਦਰਸ਼ਨਕਾਰੀ ਕਿੰਨੀ ਦੂਰੀ ’ਤੇ ਸਨ। ਇਸ ਦੌਰਾਨ ਉਹ ਉਥੇ ਕਿੰਨੀ ਪੁਲਸ ਤਾਇਨਾਤ ਸੀ। ਨੇੜੇ ਕਿਹੜੇ ਕਿਹੜੇ ਪਿੰਡ ਹਨ ਅਤੇ ਇਥੋਂ ਬਾਰਡਰ ਕਿੰਨੀ ਦੂਰੀ ’ਤੇ ਸਥਿਤ ਹੈ।