ਚੰਡੀਗੜ੍ਹ- ਗੁਜਰਾਤ ਚੋਣਾਂ ‘ਚ ਜਿੱਤ ਤੋਂ ਬਾਅਦ ਹੁਣ ਭਾਜਪਾ ਪੰਜਾਬ ਇੰਚਾਰਜ ਵਿਜੇ ਰੁਪਾਣੀ 2 ਦਿਨਾਂ ਪੰਜਾਬ ਦੌਰੇ ‘ਤੇ ਆ ਰਹੇ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦਾ ਪੰਜਾਬ ਇੰਚਾਰਜ ਬਣਨ ਤੋਂ ਬਾਅਦ ਇਹ ਪਹਿਲਾ ਪੰਜਾਬ ਦੌਰਾ ਹੈ। ਉਹ 13 ਦਸੰਬਰ ਨੂੰ ਭਾਜਪਾ ਦੇ ਸੈਕਟਰ-37 ਸਥਿਤ ਮੁੱਖ ਦਫ਼ਤਰ ਪਹੁੰਚਣਗੇ ਅਤੇ 2 ਦਿਨਾਂ ਤੱਕ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਨਗੇ।
ਦੱਸਣਯੋਗ ਹੈ ਕਿ ਭਾਜਪਾ ਨੇ ਸਤੰਬਰ ਮਹੀਨੇ ਦੌਰਾਨ ਹੀ ਰੁਪਾਣੀ ਨੂੰ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਸੀ ਪਰ ਗੁਜਰਾਤ ‘ਚ ਚੋਣਾਂ ਕਾਰਨ ਉਹ ਇੱਥੇ ਇਕ ਵਾਰ ਵੀ ਨਹੀਂ ਆਏ। ਪੰਜਾਬ ਭਾਜਪਾ ਇੰਚਾਰਜ ਦਾ ਦੌਰਾ ਵੀ ਉਸ ਸਮੇਂ ਹੋ ਰਿਹਾ ਹੈ, ਜਦੋਂ ਇਕ ਹਫ਼ਤਾ ਪਹਿਲਾਂ ਹੀ ਪਾਰਟੀ ਨੇ ਸੂਬੇ ਦਾ ਸੰਗਠਨਾਤਮਕ ਢਾਂਚਾ ਤਿਆਰ ਕੀਤਾ ਹੈ ਅਤੇ ਜ਼ਿਲ੍ਹਿਆਂ ਦਾ ਢਾਂਚਾ ਤਿਆਰ ਕਰਨ ਦੀ ਤਿਆਰੀ ਕਰ ਰਹੀ ਹੈ।