ਸਮਰਾਲਾ, 31 ਦਸੰਬਰ (ਬਿਊਰੋ)- ਕਿਸਾਨਾਂ ਵਲੋਂ ਬਣਾਈ ‘ਸੰਯੁਕਤ ਸਮਾਜ ਮੋਰਚਾ’ ਪਾਰਟੀ ਦੇ ਹੱਕ ’ਚ ਆਏ ਡਾ. ਸਵੈਮਾਣ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ ਹੈ। ਡਾ. ਸਵੈਮਾਣ ਨੇ ਕਿਹਾ ਕਿ 70 ਸਾਲਾਂ ’ਚ ਪਹਿਲੀ ਵਾਰੀ ਅਜਿਹੀ ਪਾਰਟੀ ਹੋਂਦ ’ਚ ਆਈ ਹੈ ਜਿਸ ਦੇ ਆਗੂਆਂ ਨੇ ਆਪਣਾ ਸਭ ਕੁਝ ਕਿਸਾਨਾਂ ਲਈ ਵਾਰ ਕੇ ਵੱਡਾ ਸੰਘਰਸ਼ ਜਿੱਤਿਆ ਹੈ।ਕਿਸਾਨ ਆਗੂਆਂ ਨੇ ਆਪਣੇ ਨਿੱਜੀ ਕੰਮ ਕਾਜ ਛੱਡ ਕੇ ਪੰਜਾਬ ਦੀ ਭਲਾਈ ਲਈ ਇਕਜੁੱਟਤਾ ਵਿਖਾਈ ਹੈ ਤੇ ਸਭ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਡਾ. ਸਵੈਮਾਣ ਨੇ ਕਿਹਾ ਕਿ ਵਿਰੋਧੀ ਧਿਰਾਂ ਚਾਹੁੰਦੀਆਂ ਹਨ ਕਿ ਕਿਸਾਨ ਆਪਣੀ ਪਾਰਟੀ ਬਣਾ ਕੇ ਚੋਣ ਨਾ ਲੜਨ। ਹੁਣ ਕਿਸਾਨ ਮੋਰਚੇ ਜਿੱਤੇ ਕੇ ਅਗਾਂਹ ਵਧੇ ਹਨ ਅਤੇ ਸਿਆਸਤ ’ਚ ਆਏ ਹਨ ਤਾਂ ਜੋ ਪੰਜਾਬ ਦਾ ਭਵਿੱਖ ਸੁਨਹਿਰਾ ਹੋ ਸਕੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪਾਰਟੀ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ 2022 ’ਚ ਪੰਜਾਬ ਨੂੰ ਜਿਤਾਇਆ ਜਾ ਸਕੇ ਅਤੇ 2024 ’ਚ ਦਿੱਲੀ ’ਚ ਆਪਣੀ ਸਰਕਾਰ ਬਣਾ ਸਕੀਏ। ਨਸ਼ਿਆਂ ਖ਼ਿਲਾਫ਼ ਬੋਲਦਿਆਂ ਸਵੈਮਾਣ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਸਰਕਾਰਾਂ ਚਲਾ ਰਹੇ ਹਨ। ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪਾਰਟੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾਂ ਸਰਕਾਰਾਂ ਧਰਮਾਂ ਦੇ ਨਾਂ ’ਤੇ ਲੋਕਾਂ ਨੂੰ ਆਪਸ ’ਚ ਲੜਾ ਰਹੀਆਂ ਹਨ, ਬੇਅਦਬੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਭ ਭ੍ਰਿਸ਼ਟਾਚਾਰਾਂ ਨੂੰ ਖ਼ਤਮ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਖ਼ੁਸ਼ਹਾਲ ਬਣਾਇਆ ਜਾ ਸਕੇ।