ਮੈਂ ‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ?

ਪੰਜਾਬ ਦਾ ਲੁਧਿਆਣਾ ਜਿਲ੍ਹਾ ਕਈ ਖੇਤਰਾਂ ਵਿਚ ਬਾਕੀ ਜਿਲਿ੍ਹਆਂ ਨਾਲੋਂ ਮੋਹਰੀ ਗਿਣਿਆਂ ਜਾਂਦਾ ਹੈ। ਇਸ ਜਿਲ੍ਹੇ ਦੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦਾ ਆਜ਼ਾਦੀ ਦੀ ਜਦੋਜਹਿਦ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਗ਼ਦਰ ਲਹਿਰ ਵਿਚ ਵੀ ਲੁਧਿਅਣਾ ਜਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਦੀ ਬਿਹਤਰੀਨ ਹਿੱਸੇਦਾਰੀ ਰਹੀ ਹੈ। ਕਪੂਰ ਸਿੰਘ ਆਈ ਸੀ ਐਸ (ਜਗਰਾਉਂ) ਅਤੇ ਮੰਗਲ ਸਿਘ (ਗਿੱਲਾਂ) ਨਿਵਾਸੀ ਦੇ ਯੋਗਦਾਨ ਨੂੰ ਕੌਣ ਭੁੱਲਿਆ ਹੋਇਆ ਹੈ। ਤਿੰਨ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ( ), ਪੰਜਾਬ ਦੇ ਜਸਟਿਸ ਗੁਰਨਾਮ ਸਿੰਘ ਅਤੇ ਬੇਅੰਤ ਸਿੰਘ ਇਸੇ ਜਿਲ੍ਹੇ ਨਾਲ ਸੰਬੰਧਤ ਸਨ। ਭਾਵ ਇਸ ਜਿਲ੍ਹੇ ਦੇ ਲੋਕਾਂ ਦਾ ਪੰਜਾਬ ਦੇ ਵਿਕਾਸ ਅਤੇ ਇਤਿਹਾਸ ਵਿੱਚ ਵੱਡਾ ਯੋਗਦਾਨ ਹੈ। ਜਦੋਂ ਮੈਂ ਆਪਣੇ ਦੋਸਤ ਗੁਰਮੀਤ ਸਿੰਘ ਭੰਗੂ ਸਿਆਸੀ ਸਕੱਤਰ ਮਰਹੂਮ ਮੁੱਖ ਮੰਤਰੀ ਪੰਜਾਬ ਸ੍ਰ ਬੇਅੰਤ ਸਿੰਘ ਬਾਰੇ ਪੁਸਤਕ ਲਿਖਣ ਲਈ ਸਮੱਗਰੀ ਇਕੱਤਰ ਕਰ ਰਿਹਾ ਸੀ ਤਾਂ ਉਨ੍ਹਾਂ ਦੇ ਭਰਾ ਦਲਜੀਤ ਸਿੰਘ ਭੰਗੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸ੍ਰੀਮਤੀ ਸੁਰਜੀਤ ਕੌਰ ਭੰਗੂ ਦਾਖ਼ਾ ਪਿੰਡ ਦੇ ਸੇਖ਼ੋਂ ਪਰਿਵਾਰ ਨਾਲ ਸੰਬੰਧਤ ਸਨ। ਉਹ ਕਹਿਣ ਲੱਗੇ ਸੇਖ਼ੋਂ ਪਰਿਵਾਰ ਦਾ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਵਿਚ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਮੈਨੂੰ ਸੇਖ਼ੋਂ ਪਰਿਵਾਰ ਦੇ ਮੁੱਖੀ ਵਰਿਆਮ ਸਿੰਘ ਸੇਖ਼ੋਂ ਅਤੇ ਗੁਲਾਬ ਕੌਰ ਸੇਖ਼ੋਂ ਬਾਰੇ ਕਾਫੀ ਦਿਲਚਸਪ ਗੱਲਾਂ ਦੱਸੀਆਂ। ਹਾਲਾਂ ਕਿ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਉਨ੍ਹਾਂ ਦੇ ਕੰਮ ਬਹੁਤੇ ਪੜ੍ਹੇ ਲਿਖੇ ਲੋਕਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਸਾਯੋਗ ਹਨ। ਪਿੰਡਾਂ ਦੇ ਲੋਕਾਂ ਦੇ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਮਹਿਸੂਸ ਹੀ ਨਹੀਂ ਕਰਦੇ ਸਨ, ਸਗੋਂ ਉਨ੍ਹਾਂ ਦੇ ਨਿਪਟਾਰੇ ਲਈ ਸਾਰੀ ਉਮਰ ਉਦਮਸ਼ੀਲ ਰਹੇ। ਅੱਡਾ ਦਾਖਾ ਵਸਾਉਣਾ, ਵਿਉਂਤਬੰਦੀ ਕਰਨੀ, 250 ਦੇ ਲਗਪਗ ਦੁਕਾਨਾ ਅਤੇ ਰਹਾਇਸ਼ੀ ਘਰ ਬਣਾਕੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਉਥੇ ਵਸਾਉਣਾ ਆਦਿ ਵਿਲੱਖਣ ਕੰਮ ਹਨ। ਉਨ੍ਹਾਂ ਦੁਕਾਨਾ ਅਤੇ ਦੁਕਾਨਦਾਰਾਂ ਦੇ ਪਰਿਵਾਰਾਂ ਲਈ ਸੁਰੱਖਿਆ ਦਾ ਪ੍ਰਬੰਧ ਕਰਨਾ ਆਦਿ ਅਨੇਕਾਂ ਯੋਜਨਾਵਾਂ ਬਣਾਕੇ ਸਿਰੇ ਚੜ੍ਹਾਈਆਂ। ਦੁਕਾਨਾ ਦੇ ਕੰਪਲੈਕਸ ਦਾ ਡੀਜ਼ਾਇਨ ਤਿਆਰ ਕਰਨਾ ਜੋ ਅਸਲ ਵਿਚ ਇਕ ਆਰਕੀਟੈਕਟ ਦਾ ਕੰਮ ਸੀ। ਉਹ ਵੀ ਉਨ੍ਹਾਂ ਆਪ ਕੀਤਾ। ਪਿੰਡਾਂ ਦੇ ਲੋਕਾਂ ਵਿਚ ਸਦਭਾਵਨਾ ਬਣਾਈ ਰੱਖਣ, ਵਿਓਪਾਰ ਕਿਵੇਂ ਸਥਾਪਤ ਕਰਕੇ ਸਫਲ ਬਣਾਉਣਾ ਆਦਿ ਇਹ ਸਾਰੇ ਕਾਰਜ਼ ਇਕ ਦੂਰ ਅੰਦੇਸ਼ ਵਿਅਕਤੀ ਦੇ ਹੀ ਹੋ ਸਕਦੇ ਹਨ। ਵਰਿਆਮ ਸਿੰਘ ਸੇਖ਼ੋਂ ਅਤੇ ਉਨ੍ਹਾਂ ਦੀ ਪਤਨੀ ਗੁਲਾਬ ਕੌਰ ਸੇਖ਼ੋਂ ਵੱਲੋਂ ਆਪਣੇ ਵੱਡੇ ਪਰਿਵਾਰ ਨੂੰ ਬਿਹਤਰੀਨ ਸਿਖਿਆ ਲੈਣ ਦੇ ਮੌਕੇ ਦੇ ਕੇ ਪੜ੍ਹਾਇਆ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੰਸਾਰ ਦੇ ਵੱਖ-ਵੱਖ ਖਿਤਿਆਂ ਵਿਚ ਨਾਮਣਾ ਖੱਟ ਰਹੇ ਹਨ। ਇਸਦੀ ਜਾਣਕਾਰੀ ਪੁਸਤਕ ਪੜ੍ਹਨ ‘ਤੇ ਮਿਲ ਜਾਵੇਗੀ। ਉਦੋਂ ਮੈਂ ਮਨ ਬਣਾ ਲਿਆ ਸੀ ਕਿ ਗੁਰਮੀਤ ਸਿੰਘ ਦੀ ਪੁਸਤਕ ਮੁਕੰਮਲ ਕਰਨ ਤੋਂ ਬਾਅਦ ਇਸ ਸੇਖ਼ੋਂ ਪਰਿਵਾਰ ਬਾਰੇ ਪੁਸਤਕ ਲਿਖਾਂਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਰਾਸਤ, ਆਪਣੇ ਬਜ਼ੁਰਗਾਂ ਦੀ ਯੋਗਤਾ ਅਤੇ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਮਿਲ ਸਕੇ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਫਲਤਾ ਹਾਸਲ ਕਰ ਸਕਣ। ਲਗਪਗ ਇਕ ਸਾਲ ਦੀ ਮਿਹਨਤ ਤੋਂ ਬਾਅਦ ਇਹ ਸਪਨਾ ਪੂਰਾ ਹੋਇਆ ਹੈ। ਇਸ ਸਪਨੇ ਨੂੰ ਪੂਰਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਦਲਜੀਤ ਸਿੰਘ ਭੰਗੂ ਦਾ ਹੈ, ਜਿਨ੍ਹਾਂ ਨੇ ਸੇਖ਼ੋਂ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਜਾਣਕਾਰੀ ਇਕੱਤਰ ਕੀਤੀ। ਜੇ ਦਲਜੀਤ ਸਿੰਘ ਭੰਗੂ ਮੈਨੂੰ ਪੁਸਤਕ ਲਿਖਣ ਲਈ ਉਤਸ਼ਾਹਤ ਨਾ ਕਰਦੇ ਅਤੇ ਜਾਣਕਾਰੀ ਇਕੱਤਰ ਕਰਕੇ ਨਾ ਦਿੰਦੇ ਤਾਂ ਇਸ ਪੁਸਤਕ ਦਾ ਪ੍ਰਕਾਸ਼ਤ ਹੋਣਾ ਸੰਭਵ ਨਹੀਂ ਸੀ। ਮੈਂ ਕਿਉਂਕਿ ਕੁਝ ਪਰਿਵਾਰਾਂ ਨੂੰ ਛੱਡਕੇ ਬਾਕੀਆਂ ਬਾਰੇ ਬਹੁਤਾ ਜਾਣਦਾ ਨਹੀਂ ਸੀ। ਹੋ ਸਕਦਾ ਹੁਣ ਵੀ ਪੂਰੀ ਜਾਣਕਾਰੀ ਨਾ ਦੇ ਸਕਿਆ ਹੋਵਾਂ। ਇਹ ਰਵਾਇਤੀ ਪੁਸਤਕਾਂ ਵਰਗੀ ਨਹੀਂ ਹੈ ਕਿਉਂਕਿ ਇਹ ਦਲਜੀਤ ਸਿੰਘ ਭੰਗੂ ਦੀਆਂ ਭਾਵਨਾਵਾਂ ਅਨੁਸਾਰ ਲਿਖੀ ਗਈ ਹੈ। ਇਸ ਪੁਸਤਕ ਵਿੱਚ ਸੇਖ਼ੋਂ ਪਰਿਵਾਰ ਦੀਆਂ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਵੀ ਸਥਾਨ ਦਿੱਤਾ ਗਿਆ ਹੈ। ਉਮੀਦ ਹੈ ਪਰਿਵਾਰਕ ਮੈਂਬਰ ਇਸ ਪੁਸਤਕ ਨੂੰ ਪ੍ਰਵਾਨ ਕਰਨਗੇ।

Leave a Reply

Your email address will not be published. Required fields are marked *