ਪਾਣੀ ਸੰਕਟ ਨੂੰ ਠੱਲਣ ਲਈ ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਿਤ॥

ਕੁਦਰਤ ਨੇ ਮੁੱਢ
ਕਦੀਮੋਂ ਹੀ ਪੰਜ ਦਰਿਆਵਾਂ ਦੀ ਰਹਿਮਤ ਸਦਕਾ ਪੰਜਾਬ ਨੂੰ ਜ਼ਰਖੇਜ ਬਣਾ ਅੰਨਦਾਤੇ ਦੇ ਖਿਤਾਬ ਨਾਲ ਨਿਵਾਜ ਰੱਖਿਆ ਹੈ। ਇਸੇ ਹੀ ਖਿੱਤੇ ਚੋਂ ਜਨਮੀ ਹਰੀ ਕ੍ਰਾਂਤੀ ਨੇ ਅਜਾਦ ਭਾਰਤ ਨੂੰ ਰਿਜਕਵਾਨ ਕੀਤਾ।

ਪਹਿਲਾ ਪਾਣੀ ਜਿਉ ਹੈ ਜਿਤੁ ਹਰਿਆ ਸਭੁ ਕੋਇ॥ (ਅੰਗ ੪੭੨)

ਪਾਣੀ ਆਪ ਭੀ ਜੀਵ ਹੈ ਅਤੇ ਅੱਗੇ ਇਸ ਤੋਂ ਹੀ ਸਾਰੀ ਬਨਸਪਤੀ ਹਰੀ ਭਰੀ ਜੀਵਤ ਰਹਿੰਦੀ ਹੈ। ਹਰ ਸਭਿਅਤਾ ਵੇਲੇ ਮਨੁੱਖੀ ਨਿਵਾਸ ਪਾਣੀ ਦੇ ਕੁਦਰਤੀ ਸੋਮਿਆਂ ਕੰਢੇ ਹੀ ਹੋਇਆ ਅਤੇ ਪਾਣੀ ਦੇ ਸਰੋਤਾਂ ਨੂੰ ਦੇਵਤਿਆਂ ਵਾਂਗ ਪੂਜਿਆ ਜਾਂਦਾ ਹੈ।
ਲੋੜ ਅਨੁੰਸਾਰ ਪਹਿਲਾਂ ਇਨਸਾਨ ਨੇ ਧਰਤੀ ਹੇਠਲਾ ਅਤੇ ਅਸਮਾਨੀ ਪਾਣੀ ਹਥਿਆਉਣ ਲਈ ਖੂਹ ਅਤੇ ਤਲਾਬ ਖੋਦੇ। ਬਾਅਦ ਵਿੱਚ ਵਿਗਿਆਨਕ ਤਰੱਕੀ ਨਾਲ ਨਹਿਰਾਂ, ਨਲਕੇ ਅਤੇ ਟਿਊਬਵੈੱਲ ਹੋਂਦ ਵਿੱਚ ਆਏ।

ਅਜਾਦੀ ਤੋਂ ਬਾਅਦ ਦੇਸ ਅੰਨ ਅਪੂਰਨ ਸੀ ਜਿਸ ਦੀ ਸੰਪੂਰਨਤਾ ਲਈ ਪੰਜਾਬ ਨੇ ਅੱਗੇ ਹੋ ਜੰਗ ਲੜੀ। ਖੁਰਾਕੀ ਮੁੱਖ ਸਮੱਗਰੀ, ਚਾਵਲ ਅਤੇ ਕਣਕ, ਦੇ ਉਤਪਾਦ ਨੂੰ ਵਧਾਊਣ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਨੇ ਕਿਸਾਨ ਨੂੰ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ, ਤਕਾਵੀ, ਕੁਸ਼ਲ ਖੇਤੀ ਮਸ਼ੀਨਰੀ, ਰਸਾਇਣਕ ਖਾਦਾਂ ਆਦਿ ਦੀ ਅਸਾਨ ਉਪਲਬਧਤਾ ਕਰਵਾਈ।

ਕਿਸਾਨ ਸ਼ੁਰੂ ਵਿੱਚ ਖੁਸ਼ ਹੋਇਆ। ਪਰ ਉਸ ਦੀ ਇਹ ਖੁਸ਼ਹਾਲੀ ਛਿਨਭੰਗਰ ਸੀ ਕਿਉਂਕਿ ਕਿਸਾਨ ਨੂੰ ਕਣਕ/ਝੋਨੇ ਦੀ ਲੁੜੀਂਦੀ ਉਪਜ ਅਤੇ ਪੱਕੀ ਆਮਦਨ ਦੀ ਭਵਿਖਤ ਲਗਾਤਾਰਤਾ ਲਈ ਰਸਾਨਿਕ ਖਾਦਾਂ ਦੀ ਹੱਦੋਂ ਵੱਧ ਵਰਤੋਂ, ਡੂੰਘੇ ਬੋਰ, ਮਹਿੰਗੇ ਦੋਗਲੇ ਬੀਜਾਂ ਆਦਿ ਉਤੇ ਅਸੀਮ ਖਰਚਾ ਕਰਨਾ ਪਿਆ। ਇਸੇ ਚੱਕਰ ਵਿੱਚ ਉਪਜਾਊ ਜਮੀਨ ਨੂੰ ਬੰਜਰ ਤੇ ਨਸ਼ਈ; ਪਾਣੀ ਨੂੰ ਦੁਰਲਭ ਤੇ ਜ਼ਹਿਰੀਲਾ ਬਣਾ ਬੈਠਾ ਅਤੇ ਆਪ ਕਰਜਾ, ਕੈਂਸਰ ਵਰਗੀਆਂ ਭਿਆਂਨਕ ਬਿਮਾਰੀਆਂ, ਨਸ਼ੇ ਅਤੇ ਆਤਮ-ਹੱਤਿਆ ਤੱਕ ਦੇ ਵਹਿਣ ਚ ਰੁੜ੍ਹ ਗਿਆ। ਵੋਟ ਬਟੋਰਨ ਲਈ ਖੇਤੀ ਖੇਤਰ ਨੂੰ ਦਿੱਤੀ ਮੁਫਤ ਬਿਜਲੀ ਆਦਿ ਨੇ ਸਿਰਫ ਬਲ਼ਦੀ ਤੇ ਤੇਲ ਹੀ ਪਾਇਆ।

ਪੰਜਾਬ ਦੇ ਕੁੱਝ ਇਲਾਕਿਆ ਦਾ ਪਾਣੀ ਮਨੁੱਖੀ ਅਤੇ ਸਿੰਚਾਈ ਵਰਤੋਂ ਲਈ ਅਯੋਗ ਘੋਸਿਤ ਕੀਤਾ ਜਾ ਚੁੱਕਾ ਹੈ। ਹਾਲ ਵਿੱਚ ਹੀ ਪੰਜਾਬ ਚ ਪੈਦਾ ਕੀਤੀ ਖਾਦ ਸਮੱਗਰੀ ਦੇ ਨਮੂੰਨੇ ਵੀ ਅਸਫਲ ਹੋ ਚੁੱਕੇ ਹਨ। ਪੰਜਾਬ ਦੇ ਉਤਪਾਦ ਨੂੰ ਮਨੁੱਖੀ ਖਪਤ ਦੇ ਅਨੁਕੂਲ ਬਣਾਊਣ ਲਈ ਹਰੀ ਕ੍ਰਾਂਤੀ ਤੋਂ ਪਹਿਲਾ ਵਰਗੀ ਜੈਵਿਕ ਖੇਤੀ ਜਾ ਰੁਝਾਨ ਦਿਨ ਪ੍ਰਤੀ ਦਿਨ ਜ਼ਰੂਰਤ ਬਣਦਾ ਜਾ ਰਿਹਾ ਹੈ।

ਅੱਜ ਪੰਜਾਬ ਵਿੱਚ ਪਾਣੀ ਦੇ ਵਧ ਰਹੇ ਸੰਕਟ ਲਈ ਕਿਸਾਨ ਨੂੰ ਹੀ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ। ਜਦ ਕਿ ਪੰਜਾਬੀ ਕਿਸਾਨ ਮਾਰੂ ਖੇਤੀ ਵੇਲੇ ਵੀ ਪੁਰਾਤਨ ਖੇਤੀ ਸੰਦ, ਦੇਸੀ ਬੀਜ, ਰੂੜੀ ਖਾਦ, ਪਰਿਵਾਰਿਕ ਮਜਦੂਰੀ ਅਤੇ ਭਾਈਚਾਰਕ ਸਾਂਝ ਨਾਲ ਆਪਣੇ ਪਰਿਵਾਰ, ਸਮਾਜ ਅਤੇ ਡੰਗਰ-ਵੱਛੇ ਦੇ ਨਿਰਬਾਹ ਲਈ ਲੱਗਭਗ ਹਰ ਲੋੜੀਂਦੀ ਵਸਤੂ ਖੇਤੋਂ ਉਗਾ ਕੇ ਨਿਰੋਗ ਤੇ ਖੁਸ਼ਹਾਲ ਜਿੰਦਗੀ ਦਾ ਆਨੰਦ ਮਾਣਦਾ ਰਿਹਾ ਅਤੇ ਖੇਤੀ ਪ੍ਰਧਾਨ ਹੋ ਕੇ ਦੇਸ ਦਾ ਸਭ ਤੋਂ ਅਮੀਰ ਅਤੇ ਹਰ ਪੱਖੋਂ ਅਗਾਂਹਵਧੁ ਸੂਬਾ ਰਿਹਾ।

ਦੇਸ ਭਾਵੇਂ ਵਿਕਸਤ ਹੋ ਕੇ ਅੱਜ ਪੂਰੀ ਖਾਦ ਸਮੱਗਰੀ ਲਈ ਪੰਜਾਬ ਤੋਂ ਬਿਨਾ ਵੀ ਆਤਮ ਨਿਰਭਰ ਹੋ ਗਿਆ ਪਰ ਪੰਜਾਬ ਆਪਣੀ ਅਰਥਪੂਰਨਤਾ ਗੁਆ ਕੇ ਮਾਰੂਥਲ ਦੇ ਕੰਢੇ ਤੇ ਆ ਬੈਠ ਗਿਆ। ਹੁਣ ਪੰਜਾਬ ਦੇ ਅਰਥਚਾਰੇ ਨੂੰ ਖੇਤੀ-ਨਿਰਭਰਤਾ ਤੋ ਹਟ ਉਦਯੋਗਿਕ ਪ੍ਰਗਤੀ ਵੱਲ ਵਧਣ ਦੀ ਤੁਰੰਤ ਲੋੜ ਹੈ ਤਾਂ ਕਿ ਪਾਣੀ ਦੇ ਸੋਮੇ ਪ੍ਰਮੁੱਖ ਤੌਰ ਤੇ ਮਨੁੱਖਤਾ, ਬਨਸਪਤੀ ਅਤੇ ਪਸ਼ੂਆਂ ਦੇ ਜੀਵਨ ਦੀ ਵਰਤੋਂ ਲਈ ਬਚ ਸਕਣ।

ਉਦਯੋਗਿਕ ਵਿਕਾਸ ਲਈ ਦੇਸ ਅਤੇ ਵਿਦੇਸੀ ਉਦਯੋਗਿਕ ਘਰਾਣਿਆਂ ਨੂੰ ਅਕਰਸ਼ਿਤ ਕਰਨ ਲਈ ਖਾਸ ਸਹੂਲਤਾਂ ਅਤੇ ਛੋਟਾਂ ਦੇਣ ਦੀ ਜਰੂਰਤ ਹੈ ਤਾਂ ਕਿ ਉੱਤਰਜੀਵਤਾ ਲਈ ਪੰਜਾਬ ਦਾ ਸਿਖਿਅਤ, ਨਿਪੁੰਨ ਅਤੇ ਆਮ ਨੌਜਵਾਨ ਵਰਗ ਖੇਤੀ ਤੋਂ ਇਲਾਵਾ ਹੋਰ ਰੁਜਗਾਰ ਅਪਣਾ ਸਕੇ। ਘੱਟ ਪਾਣੀ ਨਾਲ ਪਲਣ ਵਾਲੀਆਂ ਫਸਲਾਂ ਦੀ ਗੁਣਵੱਤਾ ਵਧਾਉਣ ਵਾਲੇ ਉਦਯੋਗ ਪੰਜਾਬ ਵਿੱਚ ਸਥਾਪਿਤ ਕੀਤੇ ਜਾਣ।
ਪਿੰਡਾਂ ਵਿਚ ਸ਼ਹਿਰੀ ਸਹੂਲਤਾਂ ਵਧਾ ਕੇ ਵਪਾਰਿਕ ਸ਼ਹਿਰੀਕਰਨ ਨੂੰ ਰੋਕਿਆ ਜਾਵੇ ਅਤੇ ਪਾਣੀ ਦੀ ਵਰਤੋਂ ਬਾਅਦ ਬਚੀ ਹਰ ਫਜੂਲ ਬੂੰਦ ਦਾ ਉਪਚਾਰ ਕਰਕੇ ਢੁੱਕਵਾ ਪ੍ਰਯੋਗ ਲਾਜਮੀਂ ਕੀਤਾ ਜਾਵੇ। ਘਰੇਲੂ ਪਲਾਟ ਦੇ ਬਰਸਾਤੀ ਪਾਣੀ ਨੂੰ ਸਟੋਰ ਕਰਨ ਲਈ ਹਰ ਘਰ ਵਿੱਚ ਧਰਤੀ ਹੇਠ ਪੱਕੇ ਟੈਂਕ ਦੀ ਵਿਵਸਥਾ ਨਕਸਾ ਪਾਸ ਕਰਨ ਵੇਲੇ ਲਾਜਮੀਂ ਕਰ ਦਿੱਤੀ ਜਾਵੇ ਜੋ ਕਿ ਗ਼ੁਸਲ, ਵਾਹਣ, ਫਰਸ਼, ਕਪੜਾ ਧੁਲਾਈ, ਘਰੇਲੂ ਬਗੀਚੀ, ਅਤੇ ਹੋਰ ਫੁਟਕਲ ਕੰਮਾਂ ਲਈ ਵਰਤਿਆ ਜਾਵੇ। ਖੇਤਾਂ ਦੇ ਬਰਸਾਤੀ ਪਾਣੀ ਨੂੰ ਮੁੜ ਧਰਤੀ ਹੇਠ ਪਹੁੰਚਾਉਣ ਲਈ ਸਮੂਹਿਕ ਪ੍ਰਬੰਧ, ਖੇਤੀ ਖੇਤਰ ਲਈ ਸਸਤੀ ਬਿਜਲੀ, ਨਹਿਰੀ/ਬਰਸਾਤੀ ਪਾਣੀ ਦੀ ਸਥੱਗਿਤ ਵਰਤੋਂ ਲਈ ਕਿਸਾਨ ਦੇ ਖੇਤ ਵਿੱਚ ਪਾਣੀ ਭੰਡਾਰਣ ਲਈ ਵੱਡੇ ਪੱਕੇ ਟੈਂਕ ਦੀ ਉਸਾਰੀ ਲਈ ਸਰਕਾਰੀ ਅਨੁਦਾਨ ਅਤੇ ਉਸ ਟੈਂਕ ਚੋ ਸਿੰਚਾਈ ਲਈ ਸੂਰਜੀ ਉਰਜਾ ਨਾਲ ਚੱਲਣ ਵਾਲੀ ਤੁਪਕਾ ਪ੍ਰਣਾਲੀ ਮੁਫ਼ਤ ਅਤੇ ਲਾਜਮੀਂ ਕਰ ਦੇਣੀ ਚਾਹੀਦੀ ਹੈ।
ਪਹਾੜੀ ਇਲਾਕੇ ਵਿੱਚ ਬਰਸਾਤੀ ਪਾਣੀ ਰੋਕਣ ਲਈ ਬਣਾਏ ਮਿੱਟੀ ਦੇ ਡੈਮਾਂ ਅਤੇ ਪੰਜਾਬ ਦੇ ਹਰ ਪਿੰਡ ਵਿੱਚ ਬਣੇ ਪੁਰਾਤਨ ਤਲਾ-ਟੋਭਿਆਂ ਦਾ ਢੁੱਕਵਾਂ ਪ੍ਰਬੰਧ ਕਰਕੇ, ਪਾਣੀ ਨਾਲ ਭਰਪੂਰ ਰੱਖ ਸੈਰ ਸਪਾਟਾ, ਸਿੰਚਾਈ, ਮੱਛੀ ਪਾਲਣ, ਧਰਤੀ ਹੇਠਲੇ ਪਾਣੀ ਦੀ ਮੁੜ-ਪੂਰਤੀ ਅਤੇ ਹੋਰ ਢੁੱਕਵੀਂ ਵਰਤੋਂ ਵਿੱਚ ਲਿਆਂਦਾ ਜਾਵੇ।

ਗੁਰਬਾਣੀ ਦਾ ਫੁਰਮਾਣ ਹੈ:
ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ॥ (ਅੰਗ ੧੪੨੭)

ਇਨ੍ਹਾਂ ਪੰਜਾਂ ਤੱਤਾਂ ਵਿਚੋਂ ਇੱਕ ਤੱਤ ਪਾਣੀ ਹੈ ਜੋ ਕਿ ਮਨੁੱਖੀ, ਬਨਸਪਤੀ ਅਤੇ ਹੋਰ ਜੀਵ ਜੰਤੂਆਂ ਦੇ ਜੀਵਨ ਲਈ ਸਭ ਸੁੱਖ ਸੁਵਿਧਾਵਾਂ ਤੋਂ ਅਧਿੱਕ ਜਰੂਰੀ ਹੈ। ਇਸ ਦੀ ਲੋੜੀਂਦੀ ਉਪਲਬਧਤਾ ਲਈ ਸਰਕਾਰ ਨੂੰ ਪਹਿਲ ਦਰਜੇ ਦੀ ਤਰਜੀਹ ਦੇਣੀ ਚਾਹੀਦੀ ਹੈ।

ਓਹ ਦਿਨ ਨੇੜੇ ਹੀ ਹੈ ਜਦੋਂ ਪੰਜਾਬ ਵਿੱਚ ਪੀਣ ਲਈ ਪਾਣੀ ਦੀ ਖਰੀਦੀ ਬੋਤਲ ਤਾਲੇ ਅੰਦਰ ਸਾਂਭੀ ਜਾਵੇਗੀ ਅਤੇ ਦਾਣੇ-ਦਾਣੇ ਦੀ ਕਦਰ ਪਵੇਗੀ।

ਪੰਜਾਬ ਆਪ ਭਾਵੇਂ ਕਿਸੇ ਵੀ ਸੰਕਟ ਤੇ ਮੰਦਹਾਲੀ ਚੋਂ ਗੁਜ਼ਰ ਰਿਹਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਸਰਬੱਤ ਦਾ ਭਲਾ’ ਦੇ ਮਾਰਗ ਤੋਂ ਪੰਜਾਬੀ ਕਦੇ ਨਹੀਂ ਥਿੜਕੇ ਅਤੇ ਧਰਤੀ ਦੇ ਕਿਸੇ ਵੀ ਕੋਣੇ ਤੇ ਆਈ ਆਫਤ ਹੜ੍ਹ, ਭੁਚਾਲ, ਜੰਗ, ਕਰੋਨਾ ਆਦਿ ਨਾਲ ਨਜਿੱਠਣ ਲਈ ਪਹਿਲ ਕਦਮੀ ਹੀ ਕਰਦੇ ਹਨ।

ਪਾਣੀ ਅਤੇ ਮਿੱਟੀ ਬਚਾ ਕੇ ਪੰਜਾਬ ਨੂੰ ਰੰਗਲਾ ਰੱਖਣ ਦਾ ਮੌਕਾ “ਸਿਰਫ ਹੁਣੇ ਹੀ ਹੈ ਫਿਰ ਕਦੇ ਨਹੀਂ”। ਸਭ ਪੰਜਾਬੀਆਂ ਨੂੰ ਬਿੱਲੀ ਦੇ ਗਲ ਟੱਲੀ ਬੰਨਣ ਲਈ ਇੱਕ ਮੁੱਠ ਹੋਣਾ ਸਮੇਂ ਦੀ ਮੰਗ ਹੈ।

ਅਵਤਾਰ ਸਿੰਘ ਸੈਣੀ,
ਪਿੰਡ ਤੀੜਾ (ਜ਼ਿਲਾ ਮੁਹਾਲੀ)

Leave a Reply

Your email address will not be published. Required fields are marked *