ਤਹਿਸੀਲਦਾਰ ਰਿਸ਼ਵਤ ਮਾਮਲਾ: ਪੰਜਾਬ ਰੈਵੀਨਿਊ ਅਫ਼ਸਰ ਯੂਨੀਅਨ ਵੱਲੋਂ ਸਮੂਹਿਕ ਛੂੱਟੀ ਦਾ ਐਲਾਨ

ਚੰਡੀਗੜ੍ਹ/ਬਰਨਾਲਾ/ਮੋਗਾ, ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾ ਮੰਡੀ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਰੈਵੀਨਿਊ ਅਫ਼ਸਰ ਯੂਨੀਅਨ ਨੇ ਸਮੂਹਿਕ ਛੂੱਟੀ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਖਚਰਨ ਸਿੰਘ ਪੰਜਾਬ ਰੈਵੀਨਿਊ ਅਫ਼ਸਰ ਯੂਨੀਅਨ ਦਾ ਪ੍ਰਧਾਨ ਹੈ। ਯੂਨੀਅਨ ਵੱਲੋਂ ਆਪਣੇ ਪ੍ਰਧਾਨ ਦੇ ਹੱਕ ਵਿਚ ਮੀਟਿੰਗ ਕਰਦਿਆਂ ਇਕ ਪੱਤਰ ਜਾਰੀ ਕੀਤਾ ਗਿਆ ਹੈ।

ਜਿਸ ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰੀ ਦੇ ਰੋਸ ਵਿੱਚ ਸੂਬੇ ਭਰ ਦੇ ਮਾਲ ਅਧਿਕਾਰੀ ( ਜ਼ਿਲ੍ਹਾ ਮਾਲ ਅਫ਼ਸਰ, ਸਬ ਰਜਿਸਟਰਾਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ)28 ਨਵੰਬਰ (ਅੱਜ) ਨੂੰ ਸਮੂਹਿਕ ਛੁੱਟੀ ’ਤੇ ਜਾਣਗੇ। ਇਸ ਤੋਂ ਸਾਫ ਹੈ ਕਿ ਵੀਰਵਾਰ ਨੂੰ ਤਹਿਸੀਲਾਂ ਵਿੱਚ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਬ-ਰਜਿਸਟਰਾਰ ਅਤੇ ਜੁਆਇੰਟ ਸਬ-ਰਜਿਸਟਰਾਰ ਦਫਤਰਾਂ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਵੀ ਨਹੀਂ ਹੋਣਗੀਆਂ।

ਜਾਰੀ ਪੱਤਰ ਅਨੁਸਾਰ ਯੂਨੀਅਨ ਵੱਲੋਂ ਡੀਐੱਸਪੀ ਵਿਜੀਲੈਂਸ ਬਰਨਾਲਾ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਦੇ ਕੋ-ਪ੍ਰਧਾਨਾਂ ਲਛਮਣ ਸਿੰਘ, ਅਰਚਨਾ ਸ਼ਰਮਾ, ਮਨਦੀਪ ਸਿੰਘ ਭੋਗਲ, ਲਾਰਸਨ ਨੇ ਹੰਗਾਮੀ ਮੀਟਿੰਗ ਕੀਤੀ ਅਤੇ ਸੂਬੇ ਦੇ ਮਾਲ ਅਧਿਕਾਰੀਆਂ ਵੱਲੋਂ ਵਿਜੀਲੈਂਸ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਰੋਸ ਜਤਾਇਆ।

ਗੌਰਤਲਬ ਹੈ ਕਿ ਬੀਤੇ ਦਿਨ ਵਿਜੀਲੈਂਸ ਬਿਊਰੋ ਨੇ ਤਪਾ ਦੇ ਤਹਿਸੀਲਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਡੀਐੱਸਪੀ ਲਵਪ੍ਰੀਤ ਸਿੰਘ ਨੇ ਅਨੁਸਾਰ ਸ਼ਿਕਾਇਤਕਰਤਾ ਅਮਰੀਕ ਸਿੰਘ ਟੱਲੇਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਤਹਿਸੀਲ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

ਅਮਰੀਕ ਸਿੰਘ ਵਾਸੀ ਟੱਲੇਵਾਲ ਤੋਂ 2 ਕਨਾਲ 4 ਮਰਲੇ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ ਨੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਉਪਰੰਤ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *