ਚੰਡੀਗੜ੍ਹ, 10 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਥੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਕਾਰਨ ਟਰਾਂਸਪੋਰਟ ਮਹਿਕਮੇ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਟਰਾਂਸਪੋਰਟ ਮਹਿਕਮੇ ਵੱਲੋਂ ਅਕਤੂਬਰ ਮਹੀਨੇ ‘ਚ ਗੈਰ ਕਾਨੂੰਨੀ 304 ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਬੱਸਾਂ ਬਿਨਾਂ ਟੈਕਸ, ਬਿਨਾ ਪਰਮਿੱਟ ਤੋਂ ਚੱਲ ਰਹੀਆਂ ਸਨ। ਰਾਜਾ ਵੜਿੰਗ ਨੇ ਦੱਸਿਆ ਕਿ ਇਸ ਦੌਰਾਨ 68 ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵੱਜੋਂ 7 ਕਰੋੜ ਰੁਪਏ ਦਾ ਰੈਵਿਿਨਊ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੇ ਕਾਫ਼ੀ ਬਕਾਇਆ ਬਾਕੀ ਹੈ।
ਦੱਸਣਯੋਗ ਹੈ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਐਕਸ਼ਨ ਮੋੜ ‘ਚ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਵੱਲੋਂ ਵੱਖ-ਵੱਖ ਜ਼ਿਿਲ੍ਹਆਂ ‘ਚ ਬੱਸਾਂ ਦੀ ਚੈਕਿੰਗ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਟਰਾਂਸਪੋਰਟ ਮੰਤਰੀ ਵੱਲੋਂ ਬੁੱਧਵਾਰ ਸਵੇਰੇ ਮੋਹਾਲੀ ‘ਚ ਇਕ ਨਿੱਜੀ ਬੱਸ ਨੂੰ ਜ਼ਬਤ ਕੀਤਾ ਗਿਆ ਹੈ। ਉਕਤ ਬੱਸ ‘ਤੇ ਟੈਕਸ ਨਾ ਭਰਨ ਕਾਰਨ ਕਾਰਵਾਈ ਕੀਤੀ ਗਈ ਹੈ।