ਚੰਡੀਗੜ੍ਹ, 1 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਾਸੀਆਂ ਨੂੰ ਸਸਤੀ ਬਿਜਲੀ ਦੇਣ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ ’ਤੇ ਵੱਡਾ ਹਮਲਾ ਕੀਤਾ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਇਹ ਸਸਤੀ ਬਿਜਲੀ ਦਾ ਐਲਾਨ ਨਹੀਂ ਕੀਤਾ ਸਗੋਂ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 2017 ’ਚ ਵੀ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਪੌਣੇ ਪੰਜ ਸਾਲ 35 ਫੀਸਦੀ ਤਕ 12 ਤੋਂ ਵੱਧ ਵਾਰ ਵਧਾ ਕੇ ਬਿਜਲੀ ਬਿੱਲ ਵਸੂਲ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਪਹਿਲਾਂ ਵੀ ਕੈਬਨਿਟ ’ਚ ਰਹੇ ਹਨ ਤੇ ਉਨ੍ਹਾਂ ਨੇ ਪੌਣੇ ਪੰਜ ਸਾਲਾਂ ’ਚ ਜੋ 35 ਫੀਸਦੀ ਤਕ ਬਿੱਲਾਂ ’ਚ ਵਾਧਾ ਹੋਇਆ, ਉਸ ’ਤੇ ਕਦੀ ਸਵਾਲ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਬਿਜਲੀ ਦੇਣੀ ਕਿੱਥੋਂ ਆ, ਇਹ ਮੁੱਖ ਮੰਤਰੀ ਚੰਨੀ ਨੂੰ ਦੱਸਣਾ ਚਾਹੀਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿਹੜੇ ਤਿੰਨ ਥਰਮਲ ਪਲਾਂਟਾਂ ਦੇ ਬਿਜਲੀ ਸਮਝੌਤੇ ਰੱਦ ਕਰਨੇ ਹਨ, ਉਨ੍ਹਾਂ ਨੂੰ ਵਿਧਾਨ ਸਭਾ ’ਚ ਲੈ ਕੇ ਜਾਵਾਂਗੇ। ਇਸ ’ਤੇ ਚੀਮਾ ਨੇ ਕਿਹਾ ਕਿ ਜੇ ਵਿਧਾਨ ਸਭਾ ’ਚ ਹੀ ਇਨ੍ਹਾਂ ਨੂੰ ਲੈ ਕੇ ਜਾਣਾ ਸੀ ਤਾਂ ਇਨ੍ਹਾਂ ਨੂੰ ਚੋਣ ਮੈਨੀਫੈਸਟੋ ’ਚ ਕਿਉਂ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਚੰਨੀ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ 3 ਰੁਪਏ ਸਸਤੀ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੂਬੇ ਦੇ ਮੁਲਾਜ਼ਮਾਂ ਦੇ ਡੀ. ਏ. ’ਚ 11 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਿਜਲੀ ਦੇ ਰੇਟਾਂ ਦੇ ਨਵੇਂ ਐਲਾਨ ਮੁਤਾਬਕ ਜਿੱਥੇ 100 ਯੂਨਿਟ ਤੱਕ ਬਿਜਲੀ ਦਾ ਰੇਟ 4 ਰੁਪਏ 19 ਸੀ, ਹੁਣ ਘੱਟ ਕੇ 1 ਰੁਪਿਆ 19 ਪੈਸੇ ਹੋ ਗਿਆ ਹੈ।