ਸ਼ੰਭੂ ਬਾਰਡਰ (ਪਟਿਆਲਾ), ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਮੰਗਾਂ ਲਈ ਸ਼ੰਭੂ ਬਾਰਡਰ ‘ਤੇ ਜਾਰੀ ਕਿਸਾਨ ਮੋਰਚੇ ‘ਚ ਹਿੱਸਾ ਲੈ ਰਹੇ 70 ਸਾਲਾ ਕਿਸਾਨ ਬਲਵਿੰਦਰ ਸਿੰਘ ਦੀ ਸ਼ਨਿੱਚਰਵਾਰ ਤੜਕੇ ਮੌਤ ਹੋ ਗਈ ਹੈ। ਉਹ ਸੰਧੂ ਪੱਤੀ ਮੋਗਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਹਾਈ ਬਲੱਡ ਪ੍ਰੈਸ਼ਰ ਕਾਰਨ ਉਸ ਨੂੰ 31 ਅਕਤੂਬਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ। ਪਰ ਤਬੀਅਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਪਹਿਲੀ ਨਵੰਬਰ ਨੂੰ ਇਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ 2 ਨਵੰਬਰ ਦੇ ਵੱਡੇ ਤੜਕੇ ਉਸਦੀ ਮੌਤ ਹੋ ਗਈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੋਢੀ ਸਰਵਣ ਸਿੰਘ ਪੰਧੇਰ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਬਲਵਿੰਦਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ, ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਨਾਲ ਹੀ ਸਰਕਾਰ ’ਤੇ ਉਸ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ‘ਤੇ ਵੀ ਜ਼ੋਰ ਦਿੱਤਾ ਹੈ।