ਪੰਜਾਬ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ, ਵੱਖ-ਵੱਖ ਕਾਨੂੰਨੀ ਸੇਵਾਵਾਂ ਪ੍ਰਾਪਤ ਕਰਨ ਦੀ ਵਿਧੀ ਅਤੇ ਔਰਤਾਂ ਦੇ ਸਸ਼ਕਤੀਕਰਨ ਬਾਰੇ ਜਾਗਰੂਕ ਕਰਨ ਲਈ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਣਯੋਗ ਜਸਟਿਸ ਸ੍ਰੀ ਅਜੇ ਤਿਵਾੜੀ ਨੇ ਅਰੁਣ ਗੁਪਤਾ, ਜ਼ਿਲਾ ਅਤੇ ਸੈਸ਼ਨ ਜੱਜ-ਕਮ-ਮੈਂਬਰ ਸਕੱਤਰ ਅਤੇ ਡਾ. ਮਨਦੀਪ ਮਿੱਤਲ, ਵਧੀਕ ਜ਼ਿਲਾ ਅਤੇ ਸੈਸ਼ਨ ਜੱਜ-ਕਮ-ਵਧੀਕ ਮੈਂਬਰ ਸਕੱਤਰ ਦੇ ਨਾਲ ਸ਼ਨਿਚਰਵਾਰ ਨੂੰ ਜਿਲਾ ਐਸ.ਏ.ਐਸ.ਨਗਰ ਦੇ ਪਿੰਡ ਪਾਪੜੀ ਦਾ ਦੌਰਾ ਕੀਤਾ।
ਇਸ ਤੋਂ ਬਾਅਦ ਕਾਰਜਕਾਰੀ ਚੇਅਰਮੈਨ ਦੀਆਂ ਹਦਾਇਤਾਂ ‘ਤੇ ਦੋਵਾਂ ਨਿਆਂਇਕ ਅਧਿਕਾਰੀਆਂ ਨੇ ਧਰਮਗੜ ਅਤੇ ਬਾਕਰਪੁਰ ਪਿੰਡਾਂ ਦਾ ਦੌਰਾ ਵੀ ਕੀਤਾ। ਉਨਾਂ ਨੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ ਦੌਰਾਨ ਉਹਨਾਂ ਨੂੰ ਕਾਨੂੰਨੀ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਮੁਫਤ ਕਾਨੂੰਨੀ ਸਹਾਇਤਾ ਹਾਸਲ ਕਰਨ ਸਬੰਧੀ ਜਾਣਕਾਰੀ ਦਿੱਤੀ।