ਸਪੋਰਟਸ ਡੈਸਕ-ਭਾਰਤ ਨੇ ਫਾਈਨਲ ‘ਚ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਸ ਟਰਾਫੀ 2024 ਦਾ ਖਿਤਾਬ ਜਿੱਤ ਲਿਆ ਹੈ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਟੀਮ ਇੰਡੀਆ ਨੇ ਆਖਰਕਾਰ ਚੌਥੇ ਅਤੇ ਆਖਰੀ ਕੁਆਰਟਰ ਵਿੱਚ ਸ਼ਾਨਦਾਰ ਗੋਲ ਕਰਕੇ 1-0 ਦੀ ਬੜ੍ਹਤ ਬਣਾਈ, ਜੋ ਅੰਤ ਤੱਕ ਕਾਇਮ ਰਹੀ। ਮੈਚ ਦਾ ਇਕਲੌਤਾ ਗੋਲ ਭਾਰਤ ਦੇ ਜੁਗਰਾਜ ਨੇ ਕੀਤਾ। ਇਤਿਹਾਸ ਵਿੱਚ ਇਹ ਪੰਜਵੀਂ ਵਾਰ ਹੈ ਜਦੋਂ ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ ਹੈ।
ਮੈਚ ਦੀ ਸ਼ੁਰੂਆਤ ‘ਚ ਚੀਨ ਨੇ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਭਾਰਤੀ ਡਿਫੈਂਸ ਨੂੰ ਬੈਕਫੁੱਟ ‘ਤੇ ਖੜ੍ਹਾ ਕਰ ਦਿੱਤਾ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਪਰ ਦੋਵੇਂ ਵਾਰ ਚੀਨੀ ਗੋਲਕੀਪਰ ਨੇ ਆਪਣਾ ਗੋਲ ਪੋਸਟ ਸੁਰੱਖਿਅਤ ਰੱਖਿਆ। ਦੂਜੇ ਅਤੇ ਤੀਜੇ ਕੁਆਰਟਰ ਵਿੱਚ ਵੀ ਦੋਵੇਂ ਟੀਮਾਂ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਮੈਚ ਦਾ ਇੱਕੋ ਇੱਕ ਗੋਲ 51ਵੇਂ ਮਿੰਟ ਵਿੱਚ ਆਇਆ, ਜਿੱਥੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਜੁਗਰਾਜ ਨੂੰ ਪਾਸ ਕੀਤਾ ਅਤੇ ਉਨ੍ਹਾਂ ਨੇ ਗੇਂਦ ਨੂੰ ਗੋਲ ਪੋਸਟ ਵਿੱਚ ਧੱਕ ਕੇ ਸ਼ਾਨਦਾਰ ਗੋਲ ਕੀਤਾ।