ਟਰਾਂਸਪੋਰਟ ਮੰਤਰੀ ਵਜੋਂ ਆਪਣੀਆਂ 21 ਦਿਨਾਂ ਦੀਆਂ ਪ੍ਰਾਪਤੀਆਂ

👉ਟਰਾਂਸਪੋਰਟ ਵਿਭਾਗ ਨੇ ਆਪਣੀ ਆਮਦਨੀ ਵਿੱਚ 17.24 ਫ਼ੀਸਦੀ ਵਾਧੇ ਨਾਲ ਮੁੜ ਰਫ਼ਤਾਰ ਫੜੀ ਹੈ। ਇਹ ਵਾਧਾ 15 ਅਕਤੂਬਰ ਤੱਕ 7.98 ਕਰੋੜ ਰੁਪਏ ਬਣਦਾ ਹੈ।
👉ਟੈਕਸਾਂ ਦਾ ਭੁਗਤਾਨ ਨਾ ਕਰਨ, ਗ਼ੈਰ-ਕਾਨੂੰਨੀ ਪਰਮਿਟ, ਦਸਤਾਵੇਜ਼ ਆਦਿ ਦੀ ਘਾਟ ਕਾਰਨ ਹੁਣ ਤੱਕ ਲਗਭਗ 258 ਬੱਸਾਂ ਨੂੰ ਜ਼ਬਤ ਕੀਤਾ ਗਿਆ ਜਾਂ ਚਲਾਨ ਕੀਤਾ ਗਿਆ। ਡਿਫ਼ਾਲਟਰਾਂ ਵਿਰੁੱਧ ਸਖ਼ਤੀ ਪਿੱਛੋਂ ਵਿਭਾਗ ਨੇ ਲੰਬਤ ਸਰਕਾਰੀ ਟੈਕਸ ਦੀ 3.29 ਕਰੋੜ ਰੁਪਏ ਦੀ ਰਕਮ ਵਸੂਲੀ ਕੀਤੀ ਹੈ ਅਤੇ ਇਸ ਵਿੱਚ ਵੱਡੀ ਰਕਮ ਵੱਡੀਆਂ ਕੰਪਨੀਆਂ/ਆਪ੍ਰੇਟਰਾਂ ਵੱਲੋਂ ਜਮ੍ਹਾਂ ਕਰਵਾਈ ਗਈ ਹੈ।
“ਵਿਰੋਧੀ ਪਾਰਟੀਆਂ ਦੇ ਕਿਸੇ ਵੀ ਨੇਤਾ ਨੇ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਟੈਕਸ ਡਿਫ਼ਾਲਟਰਾਂ ਵਿਰੁੱਧ ਸਖ਼ਤੀ ਅਪਣਾ ਕੇ ਕੁਝ ਗ਼ਲਤ ਕੀਤਾ ਹੈ।”
👉ਆਰ.ਟੀ.ਏ. ਦੇ ਨਾਲ-ਨਾਲ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਵੀ ਵਧੇਰੇ ਸ਼ਕਤੀਆਂ ਦਿੰਦਿਆਂ ਉਨ੍ਹਾਂ ਨੂੰ ਬੱਸ ਸਟੈਂਡ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਘੇਰੇ ਵਿੱਚ ਵਾਹਨਾਂ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਹਨ।
👉ਨਵੇਂ ਬੱਸ ਅੱਡੇ ਅਤੇ ਵਰਕਸ਼ਾਪਾਂ ਬਣਾਉਣ ਅਤੇ ਇਨ੍ਹਾਂ ਦੇ ਨਵੀਨੀਕਰਨ ‘ਤੇ 400 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
👉842 ਨਵੀਆਂ ਬੱਸਾਂ, ਜਿਨ੍ਹਾਂ ਵਿੱਚ ਪੰਜਾਬ ਰੋਡਵੇਜ਼ ਦੀਆਂ 587 ਅਤੇ ਪੀ.ਆਰ.ਟੀ.ਸੀ. ਦੀਆਂ 255 ਸ਼ਾਮਲ ਹਨ, ਖ਼ਰੀਦਣ ਲਈ ਟਾਟਾ ਮੋਟਰਜ਼ ਨੂੰ ਪਹਿਲਾਂ ਹੀ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ 45 ਦਿਨਾਂ ਦੇ ਅੰਦਰ ਇਹ ਨਵੀਆਂ ਬੱਸਾਂ ਸੂਬੇ ਦੀਆਂ ਸੜਕਾਂ ‘ਤੇ ਦੌੜਣਗੀਆਂ।
👉800 ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
👉ਡਰਾਈਵਿੰਗ ਲਾਇਸੈਂਸਾਂ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਦੇ ਲੰਬਤ ਮਾਮਲਿਆਂ ਦੇ ਛੇਤੀ ਤੋਂ ਛੇਤੀ ਨਿਪਟਾਰੇ ਲਈ ਸਾਰੇ 32 ਡਰਾਈਵਿੰਗ ਅਤੇ ਟੈਸਟਿੰਗ ਟਰੈਕ ਸ਼ਨੀਵਾਰ ਨੂੰ ਵੀ ਖੋਲ੍ਹੇ ਜਾਣਗੇ ਬੁਕਿੰਗ ਸਲਾਟ ਦਾ ਸਮਾਂ 30 ਤੋਂ ਵਧਾ ਕੇ 45 ਦਿਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਰਟ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਲਈ ਕੇਂਦਰੀਕ੍ਰਿਤ ਆਊਟਸੋਰਸ ਏਜੰਸੀ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਸਮਝੌਤੇ ਮੁਤਾਬਕ ਨਿਰਧਾਰਤ ਸਮਾਂ ਹੱਦ ਦੇ ਅੰਦਰ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਭੇਜਣਾ ਯਕੀਨੀ ਬਣਾਏ, ਨਹੀਂ ਤਾਂ ਦੇਰੀ ਲਈ ਕੰਪਨੀ ‘ਤੇ ਜੁਰਮਾਨਾ ਲਗਾਇਆ ਜਾਵੇਗਾ।
👉ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਆਰ.ਟੀ.ਏ. ਦਫ਼ਤਰ ਨਾਲ ਸਬੰਧਤ ਹੋਰਨਾਂ ਮਾਮਲਿਆਂ ਦੇ ਹੱਲ ਲਈ “ਵਿਸ਼ੇਸ਼ ਪੈਂਡੈਂਸੀ ਮੇਲੇ” ਲਾਏ ਜਾਣਗੇ ਅਤੇ ਪਹਿਲਾ “ਵਿਸ਼ੇਸ਼ ਪੈਂਡੈਂਸੀ ਮੇਲਾ” ਸ੍ਰੀ ਮੁਕਤਸਰ ਸਾਹਿਬ ਵਿੱਚ ਲਾਇਆ ਜਾਵੇਗਾ।
👉ਬੱਸ ਸਟੈਂਡ ਅਤੇ ਬੱਸਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪੰਦਰਵਾੜਾ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹਰ ਪੰਦਰਵਾੜੇ ਮੌਕੇ ਵਿਭਾਗ ਦੇ ਸਾਰੇ ਮੁਲਾਜ਼ਮ ਸੂਬੇ ਦੇ ਸਾਰੇ ਬੱਸ ਸਟੈਂਡਾਂ ਵਿੱਚ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ।
👉ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਦੀ ਵਚਨਬੱਧਤਾ ਦੁਹਰਾਉਂਦਿਆਂ ਸਰਕਾਰੀ ਬੱਸਾਂ ਤੋਂ ਤੰਬਾਕੂ, ਪਾਨ ਮਸਾਲਾ ਆਦਿ ਨਾਲ ਸਬੰਧਤ ਇਸ਼ਤਿਹਾਰ ਹਟਾ ਦਿੱਤੇ ਗਏ ਹਨ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ, “ਜੇ ਕਿਸੇ ਨੂੰ ਬੱਸਾਂ ਵਿੱਚ ਅਜਿਹੇ ਇਸ਼ਤਿਹਾਰ ਮਿਲਦੇ ਹਨ ਜਾਂ ਹੋਰ ਕਿਸੇ ਕਿਸਮ ਦੀ ਉਲੰਘਣਾ ਦਿੱਸਦੀ ਹੈ ਤਾਂ ਮੇਰੇ ਨਿੱਜੀ ਵਟਸਐਪ ਨੰਬਰ 94784-54701 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।”
👉ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਾਹਨ ਟਰੈਕਿੰਗ ਸਿਸਟਮ ਤੇਜ਼ ਸਪੀਡ ਅਤੇ ਹੋਰ ਗਤੀਵਿਧੀਆਂ ਦੇ ਨਾਲ-ਨਾਲ ਲੋਕਾਂ ਪ੍ਰਤੀ ਡਰਾਈਵਰਾਂ ਤੇ ਕੰਡਕਟਰਾਂ ਦੇ ਵਤੀਰੇ ਦੀ ਨਿਗਰਾਨੀ ਕਰ ਰਿਹਾ ਹੈ ਜਿਸ ਦੇ ਆਧਾਰ ‘ਤੇ ਹਰ ਪੰਦਰਵਾੜੇ ਦੌਰਾਨ ਹਰ ਡਿਪੂ ‘ਤੇ ਵਧੀਆ ਕਾਰਗੁਜ਼ਾਰੀ ਵਾਲੇ 3-3 ਡਰਾਈਵਰਾਂ ਤੇ ਕੰਡਕਟਰਾਂ ਦਾ ਸਨਮਾਨ ਕੀਤਾ ਜਾਵੇਗਾ ਜਦਕਿ 11 ਡਰਾਈਵਰਾਂ ਤੇ 11 ਕੰਡਕਟਰਾਂ ਨੂੰ ਹਰ ਮਹੀਨੇ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ/ਕਾਲਜਾਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਲਈ ਬੱਸ ਪਾਸਾਂ ਦੀ ਤਜਵੀਜ਼ ਸਬੰਧਤ ਮੰਤਰੀਆਂ ਨੂੰ ਅਗਲੇਰੀ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈ।

Leave a Reply

Your email address will not be published. Required fields are marked *