ਮੋਹਾਲੀ, 14 ਜਨਵਰੀ (ਬਿਊਰੋ)- ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਲਈ ਰੋਡ ਮੈਪ ਅਤੇ ਪਾਰਟੀ ਵੱਲੋਂ ਐਲਾਨ ਕੀਤੀਆਂ ਗਈਆਂ ਗਰੰਟੀ ਸਬੰਧੀ ਜਾਣਕਾਰੀ ਦੇਣ ਲਈ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਤੇ ਪੰਜਾਬ ਦੀ ਅਬਾਦੀ ਤਿੰਨ ਕਰੋੜ ਹੈ ਜਿਸ ਦਾ ਮਤਲਬ ਪੰਜਾਬ ਦੇ ਹਰ ਇਨਸਾਨ ਉਪਰ ਇੱਕ ਲੱਖ ਰੁਪਏ ਦਾ ਕਰਜ਼ਾ ਹੈ ਅਤੇ ਹੁਣ ਜੋ ਵੀ ਨਵਾ ਬੱਚਾ ਜੰਮੇਗਾ ਉਹ ਇਕ ਲੱਖ ਰੁਪਏ ਦਾ ਕਰਜ਼ਾ ਲੈ ਕੇ ਜੰਮੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ਲਗਾਤਾਰ ਕਰਜ਼ਾ ਚੜ੍ਹ ਰਿਹਾ ਹੈ ਪ੍ਰੰਤੂ ਇਥੋਂ ਦੇ ਲੀਡਰ ਦਿਨ ਪ੍ਰਤੀ ਦਿਨ ਅਮੀਰ ਹੋ ਰਹੇ ਹਨ। ਲੀਡਰਾਂ ਦੀਆਂ ਟਰਾਂਸਪੋਰਟਾਂ ਵਿੱਚ ਬੱਸਾਂ ਦਾ ਵਾਧਾ ਹੋ ਰਿਹਾ ਹੈ ਅਤੇ ਜਦੋਂ ਲੋਕਾਂ ਦੀ ਵਾਰੀ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਖ਼ਜ਼ਾਨਾ ਖਾਲੀ ਹੈ। ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਖ਼ਜ਼ਾਨਾ ਖਾਲੀ ਕਰਨ ਵਾਲੇ ਕੌਣ ਹਨ।
ਉਨ੍ਹਾਂ ਕਿਹਾ ਕਿ ਲੋਕ ਆਪਣਾ ਇਮਾਨਦਾਰੀ ਨਾਲ ਟੈਕਸ ਦਿੰਦੇ ਹਨ ਤਾਂ ਖਜ਼ਾਨਾ ਕਿਵੇਂ ਖਾਲੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਖ਼ਜ਼ਾਨਾ ਭਰਿਆ ਵੀ ਜਾਵੇਗਾ ਅਤੇ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਮਾਨ ਨੇ ਕਿਹਾ ਕਿ ਦਿੱਲੀ ਵਿੱਚ ਵੀ ਪਹਿਲਾਂ 26 ਹਜ਼ਾਰ ਕਰੋੜ ਰੁਪਏ ਦਾ ਬਜਟ ਸੀ ਜੋ ਹੁਣ 69 ਹਜ਼ਾਰ ਕਰੋੜ ਰੁਪਏ ਦਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਵਿਭਾਗਾਂ ਵਿੱਚ ਵੱਡਾ ਮਾਫੀਆ ਚੱਲ ਰਿਹਾ ਪੰਜਾਬ ਦੇ ਕੁੱਝ ਵਿਭਾਗ ਅਜਿਹੇ ਹਨ ਜਿਵੇਂ ਟਰਾਂਸਪੋਰਟ, ਅਕਸਾਈਜ ਤੇ ਰੇਤ ਮਾਫੀਆ ਜਿਨ੍ਹਾਂ ਵਿੱਚ ਹੋ ਰਹੀ ਪੈਸੇ ਦੀ ਲੀਕੇਜ ਨੂੰ ਰੋਕਣ ਦੀ ਲੋੜ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਰੋਕਿਆ ਜਾਵੇਗਾ ਅਤੇ ਇਸ ਦਾ ਮੂੰਹ ਪੰਜਾਬ ਦੇ ਸਰਕਾਰੀ ਖਜ਼ਾਨੇ ਵੱਲ ਕੀਤਾ ਜਾਵੇਗਾ। ਜਿਸ ਨਾਲ ਜਿੱਥੇ ਪੰਜਾਬ ਕਰਜ਼ ਮੁਕਤ ਹੋਵੇਗਾ, ਉੱਥੇ ਹੀ ਸੂਬਾ ਸਰਪਲੱਸ ਵੀ ਹੋਵੇਗਾ।