ਕੋਪੇਨਹੇਗਨ/ਡੈਨਮਾਰਕ, 14 ਅਕਤੂਬਰ (ਦਲਜੀਤ ਸਿੰਘ)- ਨਾਰਵੇ ਦੇ ਇਕ ਛੋਟੇ ਸ਼ਹਿਰ ਵਿਚ ਇਕ ਸਿਰਫਿਰੇ ਵਿਅਕਤੀ ਨੇ ਦੁਕਾਨਦਾਰਾਂ ’ਤੇ ਤੀਰ-ਕਮਾਨ ਨਾਲ ਹਮਲਾ ਕਰ ਦਿੱਤਾ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਂਗਸਬਰਗ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਹਮਲਾਵਰ ਦਾ ਆਹਮਣਾ-ਸਾਹਮਣਾ ਹੋਇਆ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਹਮਲੇ ਵਿਚ 2 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਜ਼ਖ਼ਮੀਆਂ ਵਿਚ ਇਕ ਪੁਲਸ ਕਰਮੀ ਵੀ ਹੈ, ਜਿਸ ਦੀ ਡਿਊਟੀ ਖ਼ਤਮ ਹੋ ਚੁੱਕੀ ਸੀ ਅਤੇ ਉਹ ਉਨ੍ਹਾਂ ਦੁਕਾਨਾਂ ਵਿਚੋਂ ਇਕ ਦੇ ਅੰਦਰ ਸੀ, ਜਿਨ੍ਹਾਂ ’ਤੇ ਹਮਲਾ ਹੋਇਆ। ਪੁਲਸ ਮੁਖੀ ਆਯਵਿੰਗ ਆਸ ਨੇ ਕਿਹਾ, ‘ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਨੂੰ ਜੋ ਸੂਚਨਾ ਮਿਲੀ ਹੈ, ਉਸ ਮੁਤਾਬਕ ਇਸ ਹਮਲੇ ਵਿਚ ਸਿਰਫ਼ ਇਕ ਹੀ ਵਿਅਕਤੀ ਸ਼ਾਮਲ ਸੀ।’ ਦੇਸ਼ ਦੀ ਕਾਰਜਕਾਰੀ ਪ੍ਰਧਾਨ ਮੰਤਰੀ ਇਰਨਾ ਸੋਲਬਰਗ ਨੇ ਇਸ ਨੂੰ ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਹਮਲੇ ਦੇ ਪਿੱਛੇ ਦੇ ਇਰਾਦੇ ਦਾ ਅੰਦਾਜ਼ਾ ਲਗਾਉਣਾ ਜ਼ਲਦਬਾਜ਼ੀ ਹੋਵੇਗਾ।