ਲੁਧਿਆਣਾ – ਦੁੱਗਰੀ-ਧਾਂਦਰਾ ਮਿਸਿੰਗ ਲਿੰਕ ’ਤੇ ਰੇਲਵੇ ਓਵਰਬ੍ਰਿਜ ਦੇ ਅੱਧ ਵਿਚਾਲੇ ਲਟਕੇ ਪ੍ਰਾਜੈਕਟ ਨੂੰ ਲੈ ਕੇ ਗਲਾਡਾ ਦੇ ਅਫਸਰਾਂ ਅਤੇ ਠੇਕੇਦਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਸੰਕੇਤ ਕੋਰਟ ਵੱਲੋਂ ਜਾਰੀ ਇਕ ਆਰਡਰ ਤੋਂ ਮਿਲਦੇ ਹਨ, ਜਿਸ ਵਿਚ 31 ਦਸੰਬਰ ਤੱਕ ਫਲਾਈਓਵਰ ਚਾਲੂ ਕਰਨ ਦੀ ਡੈੱਡਲਾਈਨ ਫਿਕਸ ਕੀਤੀ ਗਈ ਹੈ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਫਿਰੋਜ਼ਪੁਰ ਰੋਡ ਤੋਂ ਗਿੱਲ ਰੋਡ ਨੂੰ ਲਿੰਕ ਕਰਨ ਲਈ ਲੋਧੀ ਕਲੱਬ ਰੋਡ, ਪੱਖੋਵਾਲ ਰੋਡ, ਦੁੱਗਰੀ-ਧਾਂਦਰਾ ਤੋਂ ਹੁੰਦੇ ਹੋਏ ਮਿਸਿੰਗ ਲਿੰਕ ਬਣਾਉਣ ਦਾ ਪ੍ਰਾਜੈਕਟ ਲੰਬੇ ਸਮੇਂ ਤੋਂ ਅੱਧ-ਵਿਚਾਲੇ ਲਟਕਿਆ ਹੋਇਆ ਹੈ।
ਇਸ ਪ੍ਰਾਜੈਕਟ ਦੇ ਪਾਰਟ-2 ’ਚ ਸੜਕ ਬਣਾਉਣ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਰੇਲਵੇ ਓਵਰਬ੍ਰਿਜ ਨਾ ਬਣਨ ਕਾਰਨ ਵਾਹਨਾਂ ਦੀ ਆਵਾਜਾਈ ਸ਼ੁਰੂ ਨਹੀਂ ਹੋ ਸਕੀ, ਜਿਸ ਸਬੰਧੀ ਸਮਾਜਸੇਵੀ ਸੰਸਥਾ ਵੱਲੋਂ ਕੀਤੇ ਗਏ ਕੇਸ ਦੀ ਸੁਣਵਾਈ ਦੌਰਾਨ ਗਲਾਡਾ ਵੱਲੋਂ ਪਿਛਲੇ ਸਾਲ ਦਸੰਬਰ ’ਚ ਦਿੱਤੀ ਗਈ ਸਟੇਟਸ ਰਿਪੋਰਟ ਮੁਤਾਬਕ ਉਸ ਸਮੇਂ ਰੇਲਵੇ ਓਵਰਬ੍ਰਿਜ ਦੀ ਉਸਾਰੀ ਪੂਰੀ ਹੋ ਗਈ ਸੀ ਅਤੇ ਠੇਕੇਦਾਰ ਨੂੰ ਪਿਛਲੇ ਸਾਲ ਅਕਤੂਬਰ ’ਚ ਜਾਰੀ ਵਰਕ ਆਰਡਰ ਦੇ ਆਧਾਰ ’ਤੇ ਇਸ ਸਾਲ ਦਸੰਬਰ ਤੱਕ ਅਪਰੋਚ ਰੋਡ ਬਣਾਉਣ ਦਾ ਪ੍ਰਾਜੈਕਟ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਇਸ ਮਾਮਲੇ ’ਚ ਹੁਣ ਅਦਾਲਤ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਸਟੇਟਸ ਰਿਪੋਰਟ ਮੁਤਾਬਕ ਹੁਣ ਤੱਕ ਫਲਾਈਓਵਰ ਬਣਾਉਣ ਦਾ ਪ੍ਰਾਜੈਕਟ ਪੂਰਾ ਹੋਣ ਦੇ ਨੇੜੇ ਹੋਣਾ ਚਾਹੀਦਾ ਹੈ ਅਤੇ ਜੇਕਰ ਫਿਰ ਵੀ 31 ਦਸੰਬਰ ਤੱਕ ਵਾਹਨਾਂ ਦੀ ਆਵਾਜਾਈ ਸ਼ੁਰੂ ਨਾ ਹੋਈ ਤਾਂ ਗਲਾਡਾ ਦੇ ਅਫਸਰ ਅਤੇ ਠੇਕੇਦਾਰ ਕਾਰਵਾਈ ਲਈ ਤਿਆਰ ਰਹਿਣ।