ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਨੋਨੇ ਵਿਖੇ ਅੱਧੀ ਰਾਤ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਧਿਰ ਵੱਲੋਂ ਦੂਸਰੀ ਧਿਰ ਦੇ ਘਰ ਉੱਪਰ ਹਮਲਾ ਕਰ ਦਿੱਤਾ ਗਿਆ। ਦੋਸ਼ ਹੈ ਕਿ ਦੋ ਦਰਜਨ ਤੋਂ ਵੱਧ ਹਮਲਾਵਰਾਂ ਨੇ ਰਾਈਫਲਾਂ ਅਤੇ ਪਿਸਤੌਲਾਂ ਨਾਲ ਘਰ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਮੁਲਜ਼ਮਾਂ ਵਲੋਂ 150 ਤੋਂ ਵੱਧ ਰਾਊਂਡ ਫਾਇਰਿੰਗ ਕੀਤੀ ਗਈ। ਅੱਧੀ ਰਾਤ ਨੂੰ ਅੰਨ੍ਹੇਵਾਹ ਗੋਲ਼ੀਆਂ ਚੱਲਣ ਨਾਲ ਪਰਿਵਾਰ ਸਹਿਮ ਗਿਆ ਅਤੇ ਲੁੱਕ ਕੇ ਆਪਣੀ ਜਾਨ ਬਚਾਈ। ਵਾਰਦਾਤ ਮੌਕੇ ਪਿੰਡ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁਲਜ਼ਮਾਂ ਨੇ ਘਰ ਅੰਦਰ ਦਾਖਲ ਹੋ ਕੇ ਘਰ ਦਾ ਇਕ ਇਕ ਸਮਾਨ ਤੋੜ ਦਿੱਤਾ। ਘਰ ਦੇ ਵਿਹੜੇ ਵਿਚ ਖੜੀ ਕਾਰ, ਟਰੈਕਟਰ, ਮੋਟਰਸਾਈਕਲ ਅਤੇ ਹੋਰ ਵਾਹਨਾਂ ਵੀ ਬੁਰੀ ਤਰ੍ਹਾਂ ਤੋੜ ਦਿੱਤੇ ਗਏ, ਇਥੋਂ ਤਕ ਵਾਹਨਾਂ ਦਾ ਟਾਇਰਾਂ ਵਿਚ ਫਾਇਰਿੰਗ ਕਰਕੇ ਪੈਂਚਰ ਕਰ ਦਿੱਤੇ।
ਪਤਾ ਲੱਗਾ ਹੈ ਕਿ ਇਸ ਗੋਲ਼ੀਬਾਰੀ ਦੌਰਾਨ ਦੋ ਵਿਅਕਤੀ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਅਨੁਸਾਰ ਮੁਲਜ਼ਮਾਂ ਵਲੋਂ ਡੇਢ ਸੋ ਰਾਊਂਡ ਫਾਇਰ ਕੀਤੇ ਗਏ ਹਨ। ਗੋਲ਼ੀਆਂ ਚੱਲਣ ਮੌਕੇ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ ਜਦੋਂ ਪੁਲਸ ਮੌਕੇ ‘ਤੇ ਆਈ ਤਾਂ ਮੁਲਜ਼ਮ ਫਰਾਰ ਹੋ ਗਏ। ਮੁਲਜ਼ਮ ਆਪਣੀ ਸਵਿਫਟ ਗੱਡੀ ਵੀ ਮੌਕੇ ‘ਤੇ ਛੱਡ ਗਏ। ਇਹ ਵੀ ਆਖਿਆ ਜਾ ਰਿਹਾ ਹੈ ਕਿ ਪੁਲਸ ਦੇ ਸਾਹਮਣੇ ਹੀ ਮੁਲਜ਼ਮ ਫਾਇਰਿੰਗ ਕਰਦੇ ਰਹੇ।