ਇਸਲਾਮਾਬਾਦ : ਪਾਕਿਸਤਾਨ ‘ਚ ਬੁੱਧਵਾਰ ਨੂੰ ਵੱਡਾ ਆਤਮਘਾਤੀ ਹਮਲਾ ਹੋਇਆ। ਅੱਤਵਾਦੀਆਂ ਨੇ ਬੁੱਧਵਾਰ ਦੁਪਹਿਰ 2 ਵਜੇ ਉੱਤਰ-ਪੱਛਮ ‘ਚ ਇਕ ਚੌਕੀ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਦੇ ਇਸ ਆਤਮਘਾਤੀ ਹਮਲੇ ‘ਚ 17 ਜਵਾਨ ਸ਼ਹੀਦ ਹੋ ਗਏ ਸਨ।
ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਨੇ ਉੱਤਰੀ ਖੈਬਰ ਪਖਤੂਨਖਵਾ ਸੂਬੇ ‘ਚ ਚੌਕੀ ‘ਤੇ ਵਿਸਫੋਟਕ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਵੱਡਾ ਧਮਾਕਾ ਹੋਇਆ। ਇਸ ਹਮਲੇ ‘ਚ 17 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਹੋਰ ਜ਼ਖ਼ਮੀ ਹੋਏ ਹਨ।
ਪਾਕਿਸਤਾਨੀ ਫ਼ੌਜ ਨੇ ਅਧਿਕਾਰਤ ਬਿਆਨ ‘ਚ ਕਿਹਾ ਕਿ ਇਲਾਕੇ ‘ਚ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਨਾਲ ਅੱਤਵਾਦੀਆਂ ‘ਚ ਡਰ ਪੈਦਾ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਇਹ ਘਿਨਾਉਣੀ ਹਰਕਤ ਕੀਤੀ। ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਪਾਕਿਸਤਾਨੀ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਆਪਰੇਸ਼ਨ ‘ਚ 6 ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਫ਼ੌਜ ਨੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਹਮਲੇ ਦੇ ਪਿੱਛੇ ਕੌਣ ਸੀ ਪਰ ਇਸਲਾਮਿਕ ਅੱਤਵਾਦੀ ਸਮੂਹ ਹਾਫਿਜ਼ ਗੁਲ ਬਹਾਦੁਰ ਨੇ ਜ਼ਿੰਮੇਵਾਰੀ ਲਈ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੇ ਸਖ਼ਤ ਉੱਤਰ-ਪੱਛਮ ਵਿੱਚ ਅੱਤਵਾਦੀ ਹਮਲਿਆਂ ਦੇ ਮੁੜ ਉੱਭਰਨ ਦੇ ਨਾਲ-ਨਾਲ ਦੱਖਣ-ਪੱਛਮ ਵਿੱਚ ਵਧ ਰਹੀ ਨਸਲੀ ਵੱਖਵਾਦੀ ਵਿਦਰੋਹ ਨਾਲ ਵੀ ਜੂਝ ਰਿਹਾ ਹੈ। ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਵੱਖਵਾਦੀ ਬਾਗੀਆਂ ਦੇ ਖ਼ਿਲਾਫ਼ ਇੱਕ ਨਵੀਂ ਫ਼ੌਜੀ ਕਾਰਵਾਈ ਦਾ ਐਲਾਨ ਕੀਤਾ। ਇਹ ਸੂਬਾ ਖੈਬਰ ਪਖਤੂਨਖਵਾ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਚੀਨ ਦੇ ਵੱਡੇ ਬੈਲਟ ਐਂਡ ਰੋਡ ਪ੍ਰੋਜੈਕਟਾਂ ਦਾ ਕੇਂਦਰ ਹੈ।