ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ ‘ਚ ਹੁਣ ਵਿਆਹ ਦੀਆਂ ਸ਼ਹਿਨਾਈਆਂ ਗੂੰਜਣਗੀਆਂ। ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਪੰਜਾਬ ਮੰਡੀ ਬੋਰਡ ਨੇ ਆਪਣੀ ਆਮਦਨ ਵਧਾਉਣ ਦੀ ਤਿਆਰੀ ਕਰ ਲਈ ਹੈ। ਦਰਅਸਲ ਬੋਰਡ ਨੂੰ ਕੇਂਦਰ ਤੋਂ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਆਰ. ਡੀ. ਐੱਫ. ਦਾ ਪੈਸਾ ਨਹੀਂ ਮਿਲਿਆ ਹੈ, ਜਿਸ ਕਾਰਨ ਮੰਡੀ ਬੋਰਡ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਹੁਣ ਮੰਡੀ ਬੋਰਡ ਵਲੋਂ ਆਫ਼ ਸੀਜ਼ਨ ‘ਚ ਖ਼ਾਲੀ ਮੰਡੀਆਂ ਦੀ ਥਾਂ ਅਤੇ ਸ਼ੈੱਡਾਂ ਨੂੰ ਵਿਆਹ ਸਮਾਰੋਹ, ਧਾਰਮਿਕ ਸਮਾਗਮ ਅਤੇ ਹੋਰ ਸਮਾਗਮਾਂ ਲਈ ਕਿਰਾਏ ‘ਤੇ ਦੇਣ ‘ਤੇ ਵਿਚਾਰ ਕੀਤਾ ਗਿਆ ਹੈ।
ਇਕ ਹਿੰਦੀ ਅਖ਼ਬਾਰ ਦੀ ਖ਼ਬਰ ਮੁਤਾਬਕ ਬੋਰਡ ਦੇ ਅਧਿਕਾਰੀਆਂ ਦੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮੰਡੀਆਂ ਦੀ ਥਾਂ ਅਤੇ ਸ਼ੈੱਡਾਂ ਨੂੰ ਸਿਆਸੀ ਰੈਲੀਆਂ ਅਤੇ ਧਾਰਮਿਕ ਸਮਾਗਮਾਂ ਲਈ ਹੀ ਇਸਤੇਮਾਲ ਕੀਤਾ ਜਾਂਦਾ ਸੀ। ਇਸ ਲਈ ਮੰਡੀ ਬੋਰਡ ਨੇ ਕਿਰਾਇਆ ਸੂਚੀ ਵੀ ਤਿਆਰ ਕਰ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਸੂਚੀ ਦੇ ਮੁਤਾਬਕ ਮੰਡੀ ਦੇ ਓਪਨ ਏਰੀਆ (ਪ੍ਰਤੀ ਏਕੜ) ਥਾਂ ਦਾ ਪ੍ਰਤੀ ਦਿਨ ਦਾ ਕਿਰਾਇਆ 4000 ਰੁਪਏ ਅਤੇ ਕਵਰਡ ਏਰੀਆ (ਪ੍ਰਤੀ ਏਕੜ) ਥਾਂ ਦਾ ਰੋਜ਼ਾਨਾ ਦਾ ਕਿਰਾਇਆ 10,000 ਰੁਪਏ ਹੋਵੇਗਾ। ਇਸ ਦੀ ਬੁਕਿੰਗ ਆਨਲਾਈਨ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫ਼ੀਸ ਮੰਡੀ ਬੋਰਡ ਦੇ ਖ਼ਾਤੇ ‘ਚ ਜਮ੍ਹਾਂ ਹੋਵੇਗੀ, ਜਿਸ ਨਾਲ ਮੰਡੀ ਬੋਰਡ ਦੀ ਆਮਦਨੀ ਵਧੇਗੀ ਅਤੇ ਆਮ ਲੋਕਾਂ ਨੂੰ ਵੀ ਘੱਟ ਫ਼ੀਸ ‘ਚ ਵਿਆਹ ਸਮਾਰੋਹ ਲਈ ਚੰਗੀ ਸਹੂਲਤ ਮਿਲ ਸਕੇਗੀ।